ਨਵੀਂ ਦਿੱਲੀ: ਮਹਾਨ ਕ੍ਰਿਕਟਰ ਕਪਿਲ ਦੇਵ ਨੂੰ ਦਿਲ ਦੇ ਦੌਰੇ ਤੋਂ ਪੀੜਤ ਹੋਣ ਤੋਂ ਬਾਅਦ ਦਿੱਲੀ ਦੇ ਫੋਰਟਿਸ ਐਸਕੋਰਟਸ (ਓਖਲਾ) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਹਾਲਤ ਠੀਕ ਹੈ ਤੇ ਅਗਲੇ ਦਿਨਾਂ ਵਿਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।

ਫੋਰਟਿਸ ਨੇ ਕਿਹਾ, “ਕ੍ਰਿਕਟਰ ਕਪਿਲ ਦੇਵ ਨੂੰ 23 ਅਕਤੂਬਰ ਨੂੰ ਦੁਪਹਿਰ 1:00 ਵਜੇ ਫੋਰਟਿਸ ਏਸਕੋਰਟਸ ਹਾਰਟ ਇੰਸਟੀਚਿਊਟ (ਓਖਲਾ ਰੋਡ) ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਛਾਤੀ ਵਿੱਚ ਦਰਦ ਸੀ। ਜਾਂਚ ਤੋਂ ਬਾਅਦ ਰਾਤ ਨੂੰ ਐਂਜੀਓਪਲਾਸਟੀ ਕੀਤੀ ਗਈ।“

ਹਸਪਤਾਲ ਨੇ ਕਿਹਾ, "ਇਸ ਵੇਲੇ ਉਹ ਆਈਸੀਯੂ ਵਿੱਚ ਹੈ ਤੇ ਡਾਕਟਰ ਅਤੁੱਲ ਮਾਥੁਰ ਤੇ ਉਸ ਦੀ ਟੀਮ ਦੀ ਨਿਗਰਾਨੀ ਹੇਠ ਹੈ।" ਕਪਿਲ ਦੇਵ ਹੁਣ ਸਥਿਰ ਹਨ ਤੇ ਉਨ੍ਹਾਂ ਨੂੰ ਕੁਝ ਦਿਨਾਂ ਵਿੱਚ ਛੁੱਟੀ ਮਿਲਣ ਦੀ ਉਮੀਦ ਹੈ।

ਦੱਸ ਦਈਏ ਕਿ ਭਾਰਤ ਦੇ ਮਹਾਨ ਕ੍ਰਿਕਟਰਾਂ ਚੋਂ ਇੱਕ ਕਪਿਲ ਨੇ 131 ਟੈਸਟ ਤੇ 225 ਵਨਡੇ ਖੇਡੇ ਹਨ। ਕ੍ਰਿਕਟ ਦੇ ਇਤਿਹਾਸ ਵਿਚ ਉਹ ਇਕਲੌਤਾ ਖਿਡਾਰੀ ਹੈ ਜਿਸ ਨੇ ਆਪਣੇ ਨਾਂ 400 ਤੋਂ ਜ਼ਿਆਦਾ (434) ਵਿਕਟਾਂ ਲੈ ਕੇ ਟੈਸਟ ਮੈਚਾਂ ਵਿਚ 5000 ਤੋਂ ਵੱਧ ਦੌੜਾਂ ਬਣਾਈਆਂ ਹਨ। ਕਪਿਲ ਨੂੰ ਸਾਲ 2010 ਵਿੱਚ ਕੌਮਾਂਤਰੀ ਕ੍ਰਿਕਟ ਕੌਂਸਲ ਦੇ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904