IND vs NZ Stats & Records: ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਬੈਂਗਲੁਰੂ ਵਿੱਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਖ਼ਤਮ ਹੋ ਗਈ ਸੀ। ਇਸ ਤੋਂ ਬਾਅਦ ਦੂਜੇ ਦਿਨ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦਾ ਜਾਦੂ ਦੇਖਣ ਨੂੰ ਮਿਲਿਆ। 


ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਸਿਰਫ਼ 46 ਦੌੜਾਂ 'ਤੇ ਹੀ ਸਿਮਟ ਗਈ।  ਭਾਰਤ ਲਈ ਰਿਸ਼ਭ ਪੰਤ ਨੇ ਸਭ ਤੋਂ ਵੱਧ 20 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਨਿਊਜ਼ੀਲੈਂਡ ਲਈ ਮੈਟ ਹੈਨਰੀ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਵਿਲੀਅਮ ਓਰੂਕੇ ਨੂੰ 4 ਸਫਲਤਾ ਮਿਲੀ। ਟਿਮ ਸਾਊਥੀ ਨੇ 1 ਵਿਕਟ ਲਈ।


ਨਿਊਜ਼ੀਲੈਂਡ ਖਿਲਾਫ ਸਿਰਫ 46 ਦੌੜਾਂ 'ਤੇ ਸਿਮਟ ਜਾਣ ਤੋਂ ਬਾਅਦ ਭਾਰਤ ਦੇ ਨਾਂਅ ਕਈ ਅਣਚਾਹੇ ਰਿਕਾਰਡ ਦਰਜ ਹੋ ਗਏ ਹਨ। ਅਸੀਂ ਉਨ੍ਹਾਂ 5 ਅਣਚਾਹੇ ਰਿਕਾਰਡਾਂ 'ਤੇ ਇੱਕ ਨਜ਼ਰ ਮਾਰਾਂਗੇ ਜੋ ਪਹਿਲੀ ਪਾਰੀ ਵਿੱਚ ਭਾਰਤ ਦੇ ਨਾਮ ਦਰਜ ਹੋਏ ਹਨ।



ਭਾਰਤ ਦਾ ਆਪਣੇ ਘਰੇਲੂ ਮੈਦਾਨ 'ਤੇ ਸਭ ਤੋਂ ਘੱਟ ਸਕੋਰ


ਇਹ ਭਾਰਤ ਦਾ ਆਪਣੇ ਘਰੇਲੂ ਮੈਦਾਨ 'ਤੇ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ 1987 'ਚ ਵੈਸਟਇੰਡੀਜ਼ ਖ਼ਿਲਾਫ਼ ਭਾਰਤੀ ਟੀਮ 75 ਦੌੜਾਂ ਤੱਕ ਸੀਮਤ ਰਹੀ ਸੀ। ਜਦਕਿ ਇਹ ਮੈਚ ਦਿੱਲੀ 'ਚ ਖੇਡਿਆ ਗਿਆ। ਟੈਸਟ ਇਤਿਹਾਸ ਵਿੱਚ ਭਾਰਤ ਦਾ ਸਭ ਤੋਂ ਘੱਟ ਸਕੋਰ 36 ਦੌੜਾਂ ਹੈ। ਜਦਕਿ ਦੂਜਾ ਸਭ ਤੋਂ ਘੱਟ ਸਕੋਰ 42 ਦੌੜਾਂ ਹੈ। ਇਸ ਤਰ੍ਹਾਂ ਭਾਰਤ ਨੇ ਟੈਸਟ ਇਤਿਹਾਸ ਵਿੱਚ ਆਪਣਾ ਤੀਜਾ ਸਭ ਤੋਂ ਘੱਟ ਸਕੋਰ ਬਣਾਇਆ।


ਚੋਟੀ ਦੇ 7 ਬੱਲੇਬਾਜ਼ਾਂ ਵਿੱਚ ਸਭ ਤੋਂ ਵੱਧ ਜ਼ੀਰੋ


ਬੈਂਗਲੁਰੂ ਟੈਸਟ ਦੀ ਪਹਿਲੀ ਪਾਰੀ 'ਚ ਭਾਰਤ ਦੇ ਚੋਟੀ ਦੇ 7 ਬੱਲੇਬਾਜ਼ਾਂ 'ਚੋਂ 4 ਖਾਤਾ ਵੀ ਨਹੀਂ ਖੋਲ੍ਹ ਸਕੇ। ਵਿਰਾਟ ਕੋਹਲੀ ਤੋਂ ਇਲਾਵਾ ਸਰਫਰਾਜ਼ ਖਾਨ, ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜਾ ਜ਼ੀਰੋ 'ਤੇ ਆਊਟ ਹੋਏ। ਟੈਸਟ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਭਾਰਤੀ ਟੀਮ ਦੇ ਚੋਟੀ ਦੇ 7 ਬੱਲੇਬਾਜ਼ਾਂ 'ਚੋਂ 4 ਜ਼ੀਰੋ 'ਤੇ ਪੈਵੇਲੀਅਨ ਪਰਤ ਗਏ।



ਭਾਰਤ ਦੇ ਟਾਪ-4 ਬੱਲੇਬਾਜ਼ਾਂ ਦਾ ਸਭ ਤੋਂ ਘੱਟ ਸਕੋਰ


ਭਾਰਤ ਦੇ ਟਾਪ-4 ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਯਸ਼ਸਵੀ ਜੈਸਵਾਲ ਨੇ 13 ਦੌੜਾਂ, ਰੋਹਿਤ ਸ਼ਰਮਾ ਨੇ 2 ਦੌੜਾਂ ਬਣਾਈਆਂ, ਵਿਰਾਟ ਕੋਹਲੀ ਅਤੇ ਸਰਫਰਾਜ਼ ਖਾਨ ਬਿਨਾਂ ਕੋਈ ਰਨ ਬਣਾਏ। ਇਸ ਤਰ੍ਹਾਂ ਭਾਰਤ ਦੇ ਟਾਪ-4 ਬੱਲੇਬਾਜ਼ ਸਿਰਫ਼ 15 ਦੌੜਾਂ ਹੀ ਜੋੜ ਸਕੇ। ਇਸ ਤੋਂ ਪਹਿਲਾਂ ਦਸੰਬਰ 1979 ਵਿੱਚ ਪਾਕਿਸਤਾਨ ਖ਼ਿਲਾਫ਼ ਟਾਪ-4 ਬੱਲੇਬਾਜ਼ ਸਿਰਫ਼ 10 ਦੌੜਾਂ ਹੀ ਬਣਾ ਸਕੇ ਸਨ।


6 ਵਿਕਟਾਂ ਲਈ ਦੂਜਾ ਸਭ ਤੋਂ ਘੱਟ ਸਕੋਰ


ਭਾਰਤ ਦੇ ਸਿਖਰਲੇ 6 ਬੱਲੇਬਾਜ਼ ਸਿਰਫ਼ 34 ਦੌੜਾਂ ਹੀ ਜੋੜ ਸਕੇ। ਭਾਰਤ ਦੇ ਸਿਖਰਲੇ 6 ਬੱਲੇਬਾਜ਼ਾਂ ਦਾ ਆਪਣੀ ਧਰਤੀ 'ਤੇ ਇਹ ਦੂਜਾ ਸਭ ਤੋਂ ਘੱਟ ਸਕੋਰ ਹੈ। ਇਸ ਦੇ ਨਾਲ ਹੀ ਭਾਰਤ ਦੇ ਟਾਪ-6 ਬੱਲੇਬਾਜ਼ਾਂ ਦਾ ਟੈਸਟ ਇਤਿਹਾਸ ਵਿੱਚ ਛੇਵਾਂ ਸਭ ਤੋਂ ਘੱਟ ਸਕੋਰ ਹੈ।



ਏਸ਼ੀਆਈ ਧਰਤੀ 'ਤੇ ਸਭ ਤੋਂ ਘੱਟ ਸਕੋਰ


ਇਹ ਏਸ਼ੀਆਈ ਧਰਤੀ 'ਤੇ ਟੈਸਟ ਮੈਚਾਂ 'ਚ ਭਾਰਤ ਦਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ 1986 'ਚ ਪਾਕਿਸਤਾਨ ਖ਼ਿਲਾਫ਼ 53 ਦੌੜਾਂ ਬਣਾਈਆਂ ਸਨ। ਏਸ਼ੀਆਈ ਧਰਤੀ 'ਤੇ ਟੈਸਟ ਮੈਚਾਂ 'ਚ ਇਹ ਸਭ ਤੋਂ ਘੱਟ ਸਕੋਰ ਸੀ ਪਰ ਹੁਣ ਇਹ ਅਣਚਾਹੇ ਰਿਕਾਰਡ ਭਾਰਤ ਦੇ ਨਾਂਅ ਦਰਜ ਹੋ ਗਿਆ ਹੈ।  ਇਸ ਤੋਂ ਇਲਾਵਾ ਫੈਸਲਾਬਾਦ 'ਚ ਆਸਟ੍ਰੇਲੀਆ ਖ਼ਿਲਾਫ਼ ਪਾਕਿਸਤਾਨ ਦੀ ਟੀਮ ਦੂਜੀ ਪਾਰੀ 'ਚ 53 ਦੌੜਾਂ 'ਤੇ ਸਿਮਟ ਗਈ। ਉਥੇ ਹੀ ਪਹਿਲੀ ਪਾਰੀ 'ਚ ਪਾਕਿਸਤਾਨ ਦੀ ਟੀਮ 59 ਦੌੜਾਂ 'ਤੇ ਸਿਮਟ ਗਈ ਸੀ। ਇਹ ਟੈਸਟ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ 2002 'ਚ ਖੇਡਿਆ ਗਿਆ ਸੀ।