India vs New Zealand 1st Test: Match ਮੈਟ ਹੈਨਰੀ (Matt Henry) ਤੇ ਵਿਲੀਅਮ ਓ'ਰੂਰਕੇ (William ORourke) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਬੈਂਗਲੁਰੂ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਵਿੱਚ ਟੀਮ ਇੰਡੀਆ ਨੂੰ ਸਿਰਫ਼ 46 ਦੌੜਾਂ ਤੱਕ ਹੀ ਰੋਕ ਦਿੱਤਾ। ਇਹ ਘਰੇਲੂ ਧਰਤੀ 'ਤੇ ਟੈਸਟ ਕ੍ਰਿਕਟ 'ਚ ਭਾਰਤ ਦਾ ਸਭ ਤੋਂ ਘੱਟ ਸਕੋਰ ਹੈ। ਟੀਮ ਇੰਡੀਆ ਲਈ ਰਿਸ਼ਭ ਪੰਤ ਨੇ ਸਭ ਤੋਂ ਵੱਧ 20 ਦੌੜਾਂ ਬਣਾਈਆਂ।
ਮੈਟ ਹੈਨਰੀ ਤੇ ਵਿਲੀਅਮ ਓ'ਰੂਕ ਦੀ ਖ਼ਤਰਨਾਕ ਗੇਂਦਬਾਜ਼ੀ ਸਾਹਮਣੇ ਇਹ ਕਹਾਵਤ ਚੱਲ ਰਹੀ ਸੀ, ਤੂੰ ਚੱਲ ਮੈਂ ਆਇਆ । ਨਿਊਜ਼ੀਲੈਂਡ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਭਾਰਤ ਦੇ 5 ਖਿਡਾਰੀ ਜ਼ੀਰੋ 'ਤੇ ਆਊਟ ਹੋ ਗਏ। ਇਸ ਟੈਸਟ ਦਾ ਪਹਿਲਾ ਦਿਨ ਮੀਂਹ ਵਿੱਚ ਰੁੜ ਗਿਆ। ਇਸ ਤੋਂ ਬਾਅਦ ਵੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਪੂਰੀ ਤਰ੍ਹਾਂ ਗ਼ਲਤ ਸਾਬਤ ਹੋਇਆ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਕਪਤਾਨ ਰੋਹਿਤ ਸ਼ਰਮਾ 9 ਦੇ ਕੁੱਲ ਸਕੋਰ 'ਤੇ ਬੋਲਡ ਹੋ ਗਏ। ਰੋਹਿਤ ਨੂੰ ਟਿਮ ਸਾਊਥੀ ਨੇ ਆਊਟ ਕੀਤਾ। ਇਸ ਤੋਂ ਬਾਅਦ ਵਿਲੀਅਮ ਓ'ਰੂਕ ਨੇ ਵਿਰਾਟ ਕੋਹਲੀ ਨੂੰ ਜ਼ੀਰੋ 'ਤੇ ਪੈਵੇਲੀਅਨ ਵਾਪਸ ਭੇਜ ਦਿੱਤਾ ਫਿਰ ਹੈਨਰੀ ਨੇ ਸਰਫਰਾਜ਼ ਖਾਨ ਨੂੰ ਖਾਲੀ ਹੱਥ ਵਾਪਸ ਮੋੜ ਦਿੱਤਾ।
10 ਦੌੜਾਂ 'ਤੇ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਸਾਰਿਆਂ ਨੂੰ ਯਸ਼ਸਵੀ ਜੈਸਵਾਲ ਤੇ ਰਿਸ਼ਭ ਪੰਤ ਤੋਂ ਉਮੀਦਾਂ ਸਨ ਪਰ ਇਹ ਦੋਵੇਂ ਕੀਵੀ ਗੇਂਦਬਾਜ਼ਾਂ ਦੇ ਸਾਹਮਣੇ ਜ਼ਿਆਦਾ ਦੇਰ ਟਿਕ ਨਹੀਂ ਸਕੇ। ਦੋਵਾਂ ਵਿਚਾਲੇ 21 ਦੌੜਾਂ ਦੀ ਸਾਂਝੇਦਾਰੀ ਹੋਈ ਪਰ ਓ'ਰੂਕ ਨੇ 31 ਦੇ ਕੁੱਲ ਸਕੋਰ 'ਤੇ ਜੈਸਵਾਲ ਨੂੰ ਆਊਟ ਕਰ ਦਿੱਤਾ। ਉਹ ਇਕ ਚੌਕੇ ਦੀ ਮਦਦ ਨਾਲ ਸਿਰਫ 13 ਦੌੜਾਂ ਹੀ ਬਣਾ ਸਕਿਆ।
ਜੈਸਵਾਲ ਦੇ ਆਊਟ ਹੋਣ ਤੋਂ ਬਾਅਦ ਕੇਐੱਲ ਰਾਹੁਲ ਕ੍ਰੀਜ਼ 'ਤੇ ਆਏ ਪਰ ਰਾਹੁਲ ਵੀ ਬਿਨਾਂ ਖਾਤਾ ਖੋਲ੍ਹੇ ਛੇ ਗੇਂਦਾਂ ਖੇਡ ਕੇ ਪੈਵੇਲੀਅਨ ਪਰਤ ਗਏ ਫਿਰ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਵੀ ਜ਼ੀਰੋ 'ਤੇ ਆਊਟ ਹੋਏ। ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਇੱਕ ਦੌੜ ਬਣਾ ਕੇ ਪੈਵੇਲੀਅਨ ਪਰਤ ਗਏ।
ਭਾਰਤ ਨੇ ਸਿਰਫ਼ 40 ਦੌੜਾਂ 'ਤੇ 9 ਵਿਕਟਾਂ ਗੁਆ ਦਿੱਤੀਆਂ ਸਨ। ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ ਦਾ ਅੱਜ ਦੂਜਾ ਸਭ ਤੋਂ ਘੱਟ ਸਕੋਰ ਹੋਵੇਗਾ ਪਰ ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੇ ਕੁਝ ਦੇਰ ਤੱਕ ਕੀਵੀ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਪਰ ਦੋਵੇਂ ਹੀ 6 ਹੋਰ ਜੋੜ ਸਕੇ। ਇਸ ਤਰ੍ਹਾਂ ਟੀਮ ਇੰਡੀਆ 46 ਦੌੜਾਂ 'ਤੇ ਢਹਿ ਗਈ।