ਨਵੀਂ ਦਿੱਲੀ: ਭਾਰਤੀ ਕਪਤਾਨ ਵਿਰਾਟ ਕੋਹਲੀ (Virat Kohli) ਲਗਾਤਾਰ ਪੰਜਵੇਂ ਸਾਲ ‘ਫ਼ੋਰਬਸ’ (forbes list 2021) ਦੀ ਸਭ ਤੋਂ ਵੱਧ ਕਮਾਈ (Highest paid Cricketer) ਕਰਨ ਵਾਲੇ ਚੋਟੀ ਦੇ 100 ਖਿਡਾਰੀਆਂ ’ਚ ਸ਼ਾਮਲ ਇੱਕੋ-ਇੱਕ ਕ੍ਰਿਕੇਟਰ ਹਨ। ਪਿਛਲੇ ਵਰ੍ਹੇ ਲਗਪਗ 197 ਕਰੋੜ ਰੁਪਏ (26 ਮਿਲੀਅਨ ਡਾਲਰ) ਨਾਲ 66ਵੇਂ ਸਥਾਨ ’ਤੇ ਰਹਿਣ ਵਾਲੇ ਕੋਹਲੀ ਇਸ ਵਾਰ ਸੱਤ ਅੰਕਾਂ ਦੀ ਛਾਲ਼ ਮਾਰ ਕੇ 59ਵੇਂ ਸਥਾਨ ’ਤੇ ਪੁੱਜ ਗਏ ਹਨ। ਉਨ੍ਹਾਂ ਦੀ ਕਮਾਈ ਵਿੱਚ ਲਗਪਗ 32 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਵਿਰਾਟ ਕੋਹਲੀ, ਜੋ ਬੰਗਲੌਰ ਰਾਇਲ ਚੈਲੇਂਜਰਜ਼ ਦੇ ਕਪਤਾਨ ਵੀ ਹਨ, ਨੇ 12 ਮਹੀਨਿਆਂ ’ਚ ਲਗਪਗ 229 ਕਰੋੜ ਰੁਪਏ (31.5 ਮਿਲੀਅਨ ਡਾਲਰ) ਕਮਾਏ ਹਨ। ਇਨ੍ਹਾਂ ਵਿੱਚੋਂ ਲਗਪਗ 25 ਕਰੋੜ ਰੁਪਏ (3.5 ਮਿਲੀਅਨ ਡਾਲਰ) ਤਨਖ਼ਾਹ ਤੋਂ ਤੇ ਲਗਪਗ 204 ਕਰੋੜ ਰੁਪਏ (28 ਮਿਲੀਅਨ ਡਾਲਰ) ਇਸ਼ਤਿਹਾਰਾਂ ਤੋਂ ਮਿਲੇ। ਕੋਹਲੀ 2019 ’ਚ 189 ਕਰੋੜ ਰੁਪਏ ਦੀ ਕਮਾਈ ਨਾਲ 100ਵੇਂ ਸਥਾਨ ’ਤੇ ਸਨ।
ਮਿਕਸਡ ਮਾਰਸ਼ਲ ਆਰਟਸ (MMA) ਦੇ ਮਹਾਨ ਖਿਡਾਰੀ ਕਾੱਨਰ ਮੈਕਗ੍ਰੇਗਰ ਲਗਪਗ 1,517 ਕਰੋੜ ਰੁਪਏ (208 ਮਿਲੀਅਨ) ਦੀ ਕਮਾਈ ਨਾਲ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਹਨ। ਪ੍ਰਸਿੱਧ ਫ਼ੁੱਟਬਾਲਰ ਲਿਓਨਲ ਮੈਸੀ 919 ਕਰੋੜ ਰੁਪਏ (126 ਮਿਲੀਅਨ) ਨਾਲ ਦੂਜੇ ਤੇ ਕ੍ਰਿਸਟੀਆਨੋ ਰੋਨਾਲਡੋ 875 ਕਰੋੜ ਰੁਪਏ (120 ਮਿਲੀਅਨ) ਦੀ ਕਮਾਈ ਨਾਲ ਤੀਜੇ ਸਥਾਨ ’ਤੇ ਹਨ।
ਪਹਿਲੇ 100 ਖਿਡਾਰੀਆਂ ਵਿੱਚ ਸਿਰਫ਼ ਦੋ ਖਿਡਾਰਨਾਂ ਨਾਓਮੀ ਓਸਾਕਾ ਤੇ ਸੇਰੇਨਾ ਵਿਲੀਅਮਜ਼ ਹਨ। ਇਹ ਦੋਵੇਂ ਟੈਨਿਸ ਖਿਡਾਰਨਾਂ ਹਨ। ਓਸਾਕਾ 402 ਕਰੋੜ ਰੁਪਏ (55.2 ਮਿਲੀਅਨ) ਨਾਲ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰਨ ਹਨ।
ਸੇਰੇਨਾ 259 ਕਰੋੜ ਰੁਪਏ (35.5 ਮਿਲੀਅਨ) ਨਾਲ 44ਵੇਂ ਸਥਾਨ ’ਤੇ ਹਨ। ਨੋਵਾਕ ਜੋਕੋਵਿਚ 243 ਕਰੋੜ ਰੁਪਏ (33.4 ਮਿਲੀਅਨ) ਨਾਲ 52ਵੇਂ ਤੇ ਰਾਫ਼ੇਲ ਨਡਾਲ 193 ਕਰੋੜ ਰੁਪਏ (26.5 ਮਿਲੀਅਨ) ਨਾਲ 92ਵੇਂ ਸਥਾਨ ’ਤੇ ਹਨ। ਪਿਛਲੀ ਵਾਰ ਚੋਟੀ ’ਤੇ ਰਹੇ ਰੌਜਰ ਫ਼ੈਡਰਰ 612 ਕਰੋੜ ਰੁਪਏ (84 ਮਿਲੀਅਨ) ਨਾਲ 7ਵੇਂ ਸਥਾਨ ’ਤੇ ਖਿਸਕ ਗਏ ਹਨ।
ਇਹ ਵੀ ਪੜ੍ਹੋ: ਕੈਪਟਨ ਨੇ ਚੁੱਪ-ਚੁਪੀਤੇ ਮਾਰੀ ਬਾਜੀ! ਖਹਿਰਾ ਦੀ ਕਾਂਗਰਸ ’ਚ ਵਾਪਸੀ ਕਰਾ ਇੱਕੋ ਤੀਰ ਨਾਲ ਕਈ ਨਿਸ਼ਾਨੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin