Team India Playing 11 vs New Zealand: ਵਿਸ਼ਵ ਕੱਪ 2023 'ਚ ਐਤਵਾਰ 22 ਅਕਤੂਬਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਹੋਵੇਗਾ। ਦੋਵੇਂ ਟੀਮਾਂ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰੀਆਂ ਹਨ। ਇਸ ਅਹਿਮ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਇਸ ਮੈਚ 'ਚ ਨਹੀਂ ਖੇਡ ਸਕਣਗੇ। ਜਾਣੋ ਨਿਊਜ਼ੀਲੈਂਡ ਖਿਲਾਫ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਕਿਵੇਂ ਹੋ ਸਕਦੀ ਹੈ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਐਸੋਸੀਏਸ਼ਨ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਅਜਿਹੇ 'ਚ ਟੀਮ ਇੰਡੀਆ ਇੱਥੇ ਤਿੰਨ ਸਪਿਨਰਾਂ ਨਾਲ ਮੈਦਾਨ 'ਚ ਨਹੀਂ ਉਤਰੇਗੀ। ਭਾਰਤੀ ਟੀਮ ਤਿੰਨ ਤੇਜ਼ ਗੇਂਦਬਾਜ਼ਾਂ ਅਤੇ ਦੋ ਸਪਿਨਰਾਂ ਨੂੰ ਅੰਤਿਮ ਗਿਆਰਾਂ ਵਿੱਚ ਸ਼ਾਮਲ ਕਰ ਸਕਦੀ ਹੈ।
ਦੋ ਬਦਲਾਅ ਦੇ ਨਾਲ ਉਤਰ ਸਕਦੀ ਟੀਮ ਇੰਡੀਆ
ਨਿਊਜ਼ੀਲੈਂਡ ਖਿਲਾਫ ਮੈਚ 'ਚ ਭਾਰਤੀ ਟੀਮ ਦੋ ਬਦਲਾਅ ਨਾਲ ਉਤਰ ਸਕਦੀ ਹੈ। ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਇਸ ਮੈਚ 'ਚ ਨਹੀਂ ਖੇਡਣਗੇ। ਉਸ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਸ਼ਾਰਦੁਲ ਠਾਕੁਰ ਨੂੰ ਵੀ ਬੈਂਚ 'ਤੇ ਰੱਖ ਸਕਦੇ ਹਨ।
ਹਾਰਦਿਕ ਦੀ ਜਗ੍ਹਾ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਮੌਕਾ ਮਿਲ ਸਕਦਾ ਹੈ। ਸ਼ਾਰਦੁਲ ਦੀ ਜਗ੍ਹਾ ਮੁਹੰਮਦ ਸ਼ਮੀ ਪਲੇਇੰਗ ਇਲੈਵਨ ਦਾ ਹਿੱਸਾ ਬਣ ਸਕਦੇ ਹਨ। ਸ਼ਮੀ ਨੇ ਹੁਣ ਤੱਕ ਇਸ ਵਿਸ਼ਵ ਕੱਪ ਦਾ ਇੱਕ ਵੀ ਮੈਚ ਨਹੀਂ ਖੇਡਿਆ ਹੈ।
ਟੀਮ ਇੰਡੀਆ 20 ਸਾਲਾਂ ਤੋਂ ਨਿਊਜ਼ੀਲੈਂਡ ਖਿਲਾਫ ਨਹੀਂ ਜਿੱਤ ਸਕੀ
ਦੱਸ ਦੇਈਏ ਕਿ ਭਾਰਤੀ ਟੀਮ ਪਿਛਲੇ 20 ਸਾਲਾਂ ਤੋਂ ਆਈਸੀਸੀ ਮੁਕਾਬਲਿਆਂ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਦਰਜ ਨਹੀਂ ਕਰ ਸਕੀ ਹੈ। ਟੀਮ ਇੰਡੀਆ ਨੇ ਆਖਰੀ ਵਾਰ 2003 ਵਿੱਚ ਆਈਸੀਸੀ ਟੂਰਨਾਮੈਂਟ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕੀਵੀ ਟੀਮ ਨੇ ਸਾਰੇ ਫਾਰਮੈਟਾਂ ਵਿੱਚ ਆਈਸੀਸੀ ਟੂਰਨਾਮੈਂਟਾਂ ਵਿੱਚ ਭਾਰਤ ਨੂੰ ਹਰਾਇਆ ਹੈ।
ਨਿਊਜ਼ੀਲੈਂਡ ਖਿਲਾਫ ਭਾਰਤ ਦੇ ਸੰਭਾਵਿਤ ਪਲੇਇੰਗ ਇਲੈਵਨ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।