ਨਵੀਂ ਦਿੱਲੀ - ਪਹਿਲੇ ਮੈਚ 'ਚ ਰਾਮਕੁਮਾਰ ਰਾਮਨਾਥਨ ਨੂੰ ਮਿਲੀ ਹਾਰ ਅਤੇ ਦੂਜੇ ਮੈਚ 'ਚ ਸਾਕੇਤ ਮਾਏਨੇਨੀ ਦੇ ਹਾਰਨ ਦੇ ਨਾਲ ਭਾਰਤ ਨੇ ਡੇਵਿਸ ਕਪ 'ਚ ਨਿਰਾਸ਼ਾਜਨਕ ਸ਼ੁਰੂਆਤ ਕੀਤੀ। ਭਾਰਤ ਸਪੇਨ ਖਿਲਾਫ ਡੇਵਿਸ ਕਪ ਵਰਲਡ ਗਰੁਪ ਪਲੇਆਫ ਦੇ ਪਹਿਲੇ ਦਿਨ 0-2 ਨਾਲ ਪਿਛੜ ਗਿਆ।
ਦਿੱਲੀ ਦੇ ਆਰ.ਕੇ. ਖੰਨਾ ਟੈਨਿਸ ਸਟੇਡੀਅਮ 'ਚ ਸਿੰਗਲਸ ਮੁਕਾਬਲੇ 'ਚ ਵਿਸ਼ਵ ਰੈਂਕਿੰਗ 'ਚ 13ਵੇਂ ਨੰਬਰ ਦੇ ਖਿਡਾਰੀ ਸਪੇਨ ਦੇ ਡੇਵਿਡ ਫੈਰਰ ਨੇ ਭਾਰਤ ਦੇ ਸਾਕੇਤ ਮਾਏਨੇਨੀ ਨੂੰ ਮਾਤ ਦਿੱਤੀ। ਫੈਰਰ ਨੇ ਸਿਧੇ ਸੈਟਾਂ 'ਚ ਮਾਏਨੇਨੀ ਨੂੰ 6-1, 6-2, 6-1 ਦੇ ਫਰਕ ਨਾਲ ਹਰਾਇਆ। ਫੈਰਰ ਨੇ ਇਹ ਮੈਚ 1 ਘੰਟਾ 28 ਮਿਨਟ 'ਚ ਜਿੱਤਿਆ। ਇਸ ਮੈਚ 'ਚ ਫੈਰਰ ਦੀ ਜਿੱਤ ਦੇ ਨਾਲ ਸਪੇਨ ਦੀ ਟੀਮ ਨੇ ਭਾਰਤ 'ਤੇ 2-0 ਦੀ ਲੀਡ ਹਾਸਿਲ ਕਰ ਲਈ।
ਇਸਤੋਂ ਪਹਿਲਾਂ ਦਿਨ ਦੇ ਪਹਿਲੇ ਸਿੰਗਲਸ ਮੈਚ 'ਚ ਸਪੇਨ ਦੇ ਫੈਲੀਸੀਆਨੋ ਲੋਪੇਜ ਨੇ ਭਾਰਤ ਦੇ ਰਾਮਕੁਮਾਰ ਰਾਮਨਾਥਨ ਨੂੰ 4 ਸੈਟਾਂ ਤਕ ਚੱਲੇ ਮੈਚ 'ਚ 6-4, 6-4, 3-6, 6-1 ਦੇ ਫਰਕ ਨਾਲ ਮਾਤ ਦਿੱਤੀ। ਡੇਵਿਸ ਕਪ ਦਾ ਪਹਿਲਾ ਦਿਨ ਭਾਰਤ ਲਈ ਨਿਰਾਸ਼ਾਜਨਕ ਰਿਹਾ। ਸ਼ਨੀਵਾਰ ਨੂੰ ਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਲੀਐਂਡਰ ਪੇਸ ਅਤੇ ਸਾਕੇਤ ਮਾਏਨੇਨੀ ਦੀ ਜੋੜੀ ਫਰੈਂਚ ਓਪਨ 'ਚ ਜਿੱਤ ਦਰਜ ਕਰਨ ਵਾਲੀ ਫੈਲੀਸੀਆਨੋ ਲੋਪੇਜ ਅਤੇ ਮਾਰਕ ਲੋਪੇਜ ਦੀ ਜੋੜੀ ਖਿਲਾਫ ਡਬਲਸ ਮੁਕਾਬਲੇ 'ਚ ਟੱਕਰ ਲਵੇਗੀ।