ਪਰਥ - ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਪਰਥ ਦੇ ਮੈਦਾਨ 'ਤੇ ਖੇਡੇ ਗਏ ਟੈਸਟ ਸੀਰੀਜ਼ ਦੇ ਪਹਿਲੇ ਟੈਸਟ 'ਚ ਅਫਰੀਕੀ ਟੀਮ ਨੇ ਜਿੱਤ ਦਰਜ ਕੀਤੀ। ਦਖਣੀ ਅਫਰੀਕਾ ਨੇ ਪਰਥ ਟੈਸਟ 177 ਰਨ ਨਾਲ ਜਿੱਤ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ। 

  

 

ਦੂਜੀ ਪਾਰੀ 'ਚ ਪਲਟਿਆ ਪਾਸਾ 

 

ਅਫਰੀਕੀ ਟੀਮ ਨੇ ਪਹਿਲੀ ਪਾਰੀ 'ਚ 242 ਰਨ ਦਾ ਸਕੋਰ ਖੜਾ ਕੀਤਾ ਜਿਸਦੇ ਜਵਾਬ 'ਚ ਇੱਕ ਸਮੇਂ ਆਸਟ੍ਰੇਲੀਆ ਦੀ ਟੀਮ ਨੇ ਪਹਿਲੀ ਪਾਰੀ 'ਚ ਬਿਨਾ ਕੋਈ ਵਿਕਟ ਗਵਾਏ 158 ਰਨ ਬਣਾ ਲਏ ਸਨ। ਪਰ ਉਸਤੋਂ ਬਾਅਦ ਅਫਰੀਕੀ ਗੇਂਦਬਾਜ਼ਾਂ ਨੇ ਵਿਕਟ 'ਤੇ ਵਿਕਟ ਹਾਸਿਲ ਕਰ ਆਸਟ੍ਰੇਲੀਆ ਨੂੰ ਪਹਿਲੀ ਪਾਰੀ 'ਚ 244 ਰਨ 'ਤੇ ਆਲ ਆਊਟ ਕਰ ਦਿੱਤਾ। ਜਵਾਬ 'ਚ ਦੂਜੀ ਪਾਰੀ 'ਚ ਅਫਰੀਕੀ ਬੱਲੇਬਾਜ਼ਾਂ ਨੇ ਖੂਬ ਰਨ ਬਰਸਾਏ ਅਤੇ ਡੀਨ ਐਲਗਰ (127) ਅਤੇ ਜੇ.ਪੀ. ਡਿਊਮਿਨੀ (141) ਨੇ ਧਮਾਕੇਦਾਰ ਸੈਂਕੜੇ ਠੋਕੇ। ਕਵਿੰਟਨ ਡੀ ਕਾਕ ਅਤੇ ਫਿਲੈਂਡਰ ਨੇ ਅਰਧ-ਸੈਂਕੜੇ ਠੋਕ ਅਫਰੀਕੀ ਟੀਮ ਨੂੰ 500 ਰਨ ਦਾ ਅੰਕੜਾ ਪਾਰ ਕਰਵਾਇਆ। ਦਖਣੀ ਅਫਰੀਕਾ ਦੀ ਟੀਮ ਨੇ ਦੂਜੀ ਪਾਰੀ 'ਚ 8 ਵਿਕਟਾਂ ਦੇ ਨੁਕਸਾਨ 'ਤੇ 540 ਰਨ ਬਣਾ ਕੇ ਪਾਰੀ ਐਲਾਨੀ। 

  

 

539 ਰਨ ਦਾ ਟੀਚਾ 

 

ਆਸਟ੍ਰੇਲੀਆ ਦੀ ਟੀਮ ਨੂੰ ਜਿੱਤ ਲਈ 539 ਰਨ ਦਾ ਟੀਚਾ ਮਿਲਿਆ ਜਿਸਦੇ ਜਵਾਬ 'ਚ ਆਸਟ੍ਰੇਲੀਆ ਦੀ ਟੀਮ ਨੂੰ ਚੰਗੀ ਸ਼ੁਰੂਆਤ ਮਿਲੀ। ਪਹਿਲਾਂ ਸ਼ੌਨ ਮਾਰਸ਼ ਅਤੇ ਵਾਰਨਰ ਨੇ ਚੰਗੀ ਸ਼ੁਰੂਆਤ ਦਿੱਤੀ ਅਤੇ ਫਿਰ ਖਵਾਜਾ (97) ਅਤੇ ਸਮਿਥ (34) ਨੇ ਪਾਰੀ ਨੂੰ ਸੰਭਾਲਿਆ। ਆਸਟ੍ਰੇਲੀਆ ਦੀ ਟੀਮ ਇੱਕ ਸਮੇਂ 2 ਵਿਕਟਾਂ ਦੇ ਨੁਕਸਾਨ 'ਤੇ 144 ਰਨ ਬਣਾ ਚੁੱਕੀ ਸੀ। ਪਰ ਫਿਰ 280 ਰਨ ਤਕ ਪਹੁੰਚਦਿਆਂ ਆਸਟ੍ਰੇਲੀਆ ਦੀ ਟੀਮ ਨੇ 8 ਵਿਕਟ ਗਵਾ ਦਿੱਤੇ। ਪੀਟਰ ਨੇਵਿਲ ਨੇ ਅਰਧ-ਸੈਂਕੜਾ ਠੋਕ ਆਸਟ੍ਰੇਲੀਆ ਨੂੰ ਹਾਰ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨੇਵਿਲ ਦੀ ਕੋਸ਼ਿਸ਼ ਨੂੰ ਕਾਮਯਾਬੀ ਨਹੀਂ ਮਿਲੀ। 

  

 

ਰਬਾਡਾ ਬਣੇ ਜਿੱਤ ਦੇ ਹੀਰੋ 

 

ਦਖਣੀ ਅਫਰੀਕਾ ਦੀ ਜਿੱਤ 'ਚ ਪੂਰੀ ਟੀਮ ਦਾ ਯੋਗਦਾਨ ਰਿਹਾ ਅਤੇ ਲਗਭਗ ਹਰ ਖਿਡਾਰੀ ਨੇ ਚੰਗੀ ਖੇਡ ਵਿਖਾਈ। ਪਰ ਜਿੱਤ ਲਈ 'ਮੈਨ ਆਫ ਦ ਮੈਚ' ਕਾਗਿਸੋ ਰਬਾਡਾ ਨੂੰ ਚੁਣਿਆ ਗਿਆ। ਰਬਾਡਾ ਨੇ ਪਹਿਲੀ ਪਾਰੀ 'ਚ 2 ਅਤੇ ਦੂਜੀ ਪਾਰੀ 'ਚ 5 ਵਿਕਟ ਹਾਸਿਲ ਕਰ ਆਸਟ੍ਰੇਲੀਆ ਨੂੰ ਹਰਾਉਣ 'ਚ ਖਾਸ ਯੋਗਦਾਨ ਪਾਇਆ।