ਰਾਜਕੋਟ - ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦਾ ਪਹਿਲਾ ਦਿਨ ਇੰਗਲੈਂਡ ਦੇ ਨਾਮ ਰਿਹਾ। ਇੰਗਲੈਂਡ ਨੇ ਪਹਿਲੇ ਦਿਨ 4 ਵਿਕਟ ਗਵਾ ਕੇ 311 ਰਨ ਬਣਾ ਲਏ ਸਨ। ਮੈਚ 'ਚ ਪਹਿਲੇ ਸੈਸ਼ਨ 'ਚ ਲੱਗੇ ਝਟਕਿਆਂ ਤੋਂ ਬਾਅਦ ਜੋ ਰੂਟ ਨੇ ਸੈਂਕੜਾ ਜੜ ਇੰਗਲੈਂਡ ਦੀ ਟੀਮ ਨੂੰ ਸੰਭਾਲਿਆ। ਜੋ ਰੂਟ ਨੇ 124 ਰਨ ਦੀ ਪਾਰੀ ਖੇਡੀ ਅਤੇ ਮੋਇਨ ਅਲੀ ਨੇ ਦਿਨ ਦਾ ਖੇਡ ਖਤਮ ਹੋਣ ਤਕ 99 ਰਨ ਬਣਾ ਲਏ ਸਨ। ਦੋਨਾ ਨੇ ਮਿਲਕੇ ਇੰਗਲੈਂਡ ਨੂੰ ਮੁਸ਼ਕਿਲ ਸਥਿਤੀ ਚੋਂ ਕੱਡ ਕੇ ਮਜਬੂਤ ਸਥਿਤੀ 'ਚ ਪਹੁੰਚਾ ਦਿੱਤਾ। 

  

 

ਕਪਤਾਨ ਐਲਿਸਟਰ ਕੁੱਕ (21) ਦਾ 47 ਰਨ ਦੇ ਸਕੋਰ 'ਤੇ ਵਿਕਟ ਡਿੱਗਣ 'ਤੇ ਜੋ ਰੂਟ ਮੈਦਾਨ 'ਤੇ ਪਹੁੰਚੇ। ਰੂਟ ਨੇ ਆਪਣੀ ਪਾਰੀ ਦੀ ਸ਼ੁਰੂਆਤ ਚੌਕੇ ਨਾਲ ਕੀਤੀ। ਪਹਿਲਾ ਸੈਸ਼ਨ ਖਤਮ ਹੋਣ ਤਕ ਇੰਗਲੈਂਡ ਦੀ ਟੀਮ 102 ਰਨ ਤਕ 3 ਵਿਕਟ ਗਵਾ ਚੁੱਕੀ ਸੀ। ਪਰ ਉਸ ਵੇਲੇ ਤਕ ਜੋ ਰੂਟ ਮੈਦਾਨ 'ਤੇ ਟਿਕ ਗਏ ਸਨ। ਜੋ ਰੂਟ ਨੇ 180 ਗੇਂਦਾਂ 'ਤੇ 11 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 124 ਰਨ ਦੀ ਪਾਰੀ ਖੇਡੀ। ਰੂਟ ਨੇ ਮੋਇਨ ਅਲੀ ਨਾਲ ਮਿਲਕੇ ਚੌਥੇ ਵਿਕਟ ਲਈ 179 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਇੰਗਲੈਂਡ ਨੂੰ ਮਜਬੂਤ ਸਥਿਤੀ 'ਚ ਪਹੁੰਚਾਇਆ। 

  

 

ਮੋਇਨ ਅਲੀ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਦਿਨ ਦਾ ਖੇਡ ਖਤਮ ਹੋਣ ਤਕ 99 ਰਨ ਬਣਾ ਲਏ ਸਨ। ਮੋਇਨ ਅਲੀ ਨੇ 192 ਗੇਂਦਾਂ 'ਤੇ ਨਾਬਾਦ 99 ਰਨ ਬਣਾਏ ਅਤੇ ਆਪਣੀ ਪਾਰੀ ਦੌਰਾਨ 9 ਚੌਕੇ ਲਗਾਏ। ਦੂਜੇ ਪਾਸੇ ਬੈਨ ਸਟੋਕਸ 19 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ। ਮੈਚ ਦੇ ਪਹਿਲੇ ਦਿਨ ਅਸ਼ਵਿਨ ਨੇ 2 ਵਿਕਟ ਝਟਕੇ ਜਦਕਿ ਉਮੇਸ਼ ਯਾਦਵ ਅਤੇ ਜਡੇਜਾ ਨੇ 1-1 ਵਿਕਟ ਹਾਸਿਲ ਕੀਤਾ।