ਨਵੀਂ ਦਿੱਲੀ: ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਮੇਜ਼ਬਾਨ ਟੀਮ ਨੇ ਭਾਰਤ ਨੂੰ 159 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਇਸ ਮੁਕਾਬਲੇ 'ਚ ਭਾਰਤੀ ਟੀਮ ਆਪਣੀ ਹਾਰ ਨੂੰ ਆਖਰੀ ਦਿਨ ਤੱਕ ਟਾਲ ਨਾ ਸਕੀ ਤੇ ਪੂਰੀ ਟੀਮ ਨਿਰਾਸ਼ਾਜਨਕ ਪ੍ਰਦਰਸ਼ਨ ਕਰਦਿਆਂ ਸੀਰੀਜ਼ 'ਚ 2-0 ਨਾਲ ਪੱਛੜ ਗਈ।

ਇਸ ਮੈਚ ਵਿੱਚ ਅਜਿਹੇ ਕਿਹੜੇ ਕਾਰਨ ਰਹੇ ਜਿਸ ਕਾਰਨ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਓ ਜਾਣਦੇ ਹਾਂ-

ਬੱਲੇਬਾਜ਼ੀ: ਵਿਦੇਸ਼ੀ ਜ਼ਮੀਨ 'ਤੇ ਬੱਲੇਬਾਜ਼ਾਂ ਦਾ ਫਲੌਪ ਸ਼ੋਅ ਭਾਰਤੀ ਟੀਮ ਲਈ ਵੱਡੀ ਸਿਰਦਰਦੀ ਬਣਿਆ। ਆਪਣੀ ਧਰਤੀ 'ਤੇ ਜਿਹੜੇ ਬੱਲੇਬਾਜ਼ਾਂ ਨੇ ਵੱਡੇ ਸਕੋਰ ਹਾਸਲ ਕੀਤੇ, ਉੱਥੇ ਹੀ ਵਿਦੇਸ਼ 'ਚ ਉਹ ਬੱਲੇਬਾਜ਼ ਇੱਕ-ਇੱਕ ਸਕੋਰ ਨੂੰ ਤਰਸਦੇ ਰਹੇ। ਮੁਰਲੀ ਵਿਜੇ ਤੇ ਕੇਐਲ ਰਾਹੁਲ ਇਸ ਮੈਚ 'ਚ ਇੱਕ ਵਾਰ ਵੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦੇਣ 'ਚ ਨਾਕਾਮ ਰਹੇ।

ਇਸ ਤੋਂ ਇਲਾਵਾ ਮੈਚ ਵਿਚ ਦੋ ਸਪਿਨਰ ਖਿਡਾਉਣਾ ਵੀ ਵੱਡੀ ਗਲਤੀ ਸੀ। ਲਾਰਡਜ਼ ਦੇ ਮੌਸਮ ਤੇ ਮਿਜਾਜ਼ ਨੂੰ ਭਾਂਪਣ 'ਚ ਕਪਤਾਨ ਵਿਰਾਟ ਕੋਹਲੀ ਤੋਂ ਵੀ ਵੱਡੀ ਭੁੱਲ ਹੋਈ। ਉਨ੍ਹਾਂ ਮੈਚ ਦੇ ਦੂਜੇ ਦਿਨ ਟਾਸ ਹਾਰਨ ਦੇ ਬਾਵਜੂਦ ਦੋ ਸਪਿਨਰ ਖਿਡਾਏ। ਇਸ ਦੌਰਾਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਭਾਰਤੀ ਟੀਮ ਨੂੰ 107 ਦੌੜਾਂ 'ਤੇ ਸਮੇਟ ਦਿੱਤਾ।

ਗੇਂਦਬਾਜ਼ਾਂ ਦਾ ਢਿੱਲਾ ਪ੍ਰਦਰਸ਼ਨ- ਇਹ ਵੀ ਭਾਰਤੀ ਟੀਮ ਦੀ ਹਾਰ ਦਾ ਕਾਰਨ ਬਣਿਆ। ਪਹਿਲੇ ਦਿਨ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਹਾਹਾਕਾਰ ਮਚਾਉਂਦਿਆਂ ਦੇਖ ਉਮੀਦ ਸੀ ਕਿ ਭਾਰਤੀ ਗੇਂਦਬਾਜ਼ਾਂ ਦਾ ਵੀ ਕੁਝ ਜਿਹਾ ਪ੍ਰਦਰਸ਼ਨ ਰਹੇਗਾ ਪਰ ਭਾਰਤੀ ਗੇਂਦਬਾਜ਼ਾਂ ਦੀ ਕਮਜ਼ੋਰੀ ਸਾਹਮਣੇ ਆਈ। ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਆਊਟ ਕਰਨ 'ਚ ਨਾਕਾਮਯਾਬ ਰਹੇ ਤੇ ਇੰਗਲੈਂਡ ਨੇ 396/7 ਦੌੜਾਂ ਬਣਾਈਆਂ।

ਇਸ ਤੋਂ ਇਲਾਵਾ ਟੈਸਟ ਸੀਰੀਜ਼ ਦੇ ਲਗਾਤਾਰ ਦੂਜੇ ਮੁਕਾਬਲੇ 'ਚ ਕਪਤਾਨ ਕੋਹਲੀ ਟਾਸ ਹਾਰ ਗਏ। ਇਸ ਦਾ ਨੁਕਸਾਨ ਇਹ ਹੋਇਆ ਕਿ ਪਹਿਲੇ ਦਿਨ ਬਾਰਸ਼ ਹੋਣ ਤੋਂ ਬਾਅਦ ਇਹ ਅੰਦਾਜ਼ਾ ਹੋ ਗਿਆ ਸੀ ਕਿ ਹੁਣ ਮੈਚ ਦੇ ਦੂਜੇ ਦਿਨ ਗੇਂਦਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ। ਇੰਗਲੈਂਡ ਦੇ ਕਪਤਾਨ ਰੂਟ ਨੇ ਟੌਸ ਜਿੱਤਿਆ ਤੇ ਭਾਰਤੀ ਬੱਲੇਬਾਜ਼ਾਂ ਨੂੰ ਮੈਦਾਨ 'ਚ ਬੁਲਾ ਲਿਆ। ਜੇਕਰ ਟੌਸ ਭਾਰਤ ਜਿੱਤਦਾ ਤਾਂ ਮੈਚ ਦਾ ਪਾਸਾ ਪਲਟ ਸਕਦਾ ਸੀ।

ਮੌਸਮ ਦੀ ਮਾਰ ਵੀ ਭਾਰਤੀ ਟੀਮ 'ਤੇ ਭਾਰੂ ਰਹੀ। ਮੈਚ ਦੇ ਦੂਜੇ ਦਿਨ ਹੋਈ ਬਾਰਸ਼ ਨੇ ਭਾਰਤੀ ਬੱਲੇਬਾਜ਼ਾਂ ਲਈ ਮੁਸ਼ਕਲ ਖੜ੍ਹੀ ਕੀਤੀ। ਜਦਕਿ ਇੰਗਲੈਂਡ ਦੇ ਬੱਲੇਬਾਜ਼ ਮੈਦਾਨ 'ਚ ਉੱਤਰੇ ਤਾਂ ਮੌਸਮ ਸਾਫ ਹੋ ਗਿਆ ਤੇ ਭਾਰਤੀ ਗੇਂਬਾਜ਼ਾਂ ਲਈ ਮਦਦ ਨਾਂਹ ਦੇ ਬਰਾਬਰ ਰਹੀ। ਹਾਲਾਂਕਿ ਮੌਸਮ ਨੂੰ ਹਾਰ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਪਰ ਪਿਚ 'ਤੇ ਇਸ ਦਾ ਅਸਰ ਸਾਫ ਦਿਖਾਈ ਦਿੰਦਾ ਹੈ।