ਨਿਊਯਾਰਕ - ਜਰਮਨੀ ਦੀ ਐਂਜਲਿਕ ਕਰਬਰ ਨੇ ਯੂ.ਐਸ. ਓਪਨ ਗਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਕਰਬਰ ਨੇ ਗਰੈਂਡ ਸਲੈਮ ਜਿੱਤ ਦੇ ਨਾਲ-ਨਾਲ ਵਿਸ਼ਵ ਨੰਬਰ 1 ਰੈਂਕਿੰਗ ਵੀ ਹਾਸਿਲ ਕਰ ਲਈ ਹੈ। ਸਾਲ ਦੀ ਸ਼ੁਰੂਆਤ 'ਚ ਆਂਸਟ੍ਰਲਿਆ ਓਪਨ ਗਰੈਂਡ ਸਲੈਮ ਜਿੱਤਣ ਵਾਲੀ ਕਰਬਰ ਦਾ ਇਹ ਇੱਕੋ ਸਾਲ 'ਚ ਦੂਜਾ ਗਰੈਂਡ ਸਲੈਮ ਖਿਤਾਬ ਹੈ।
ਰੋਮਾਂਚ ਨਾਲ ਭਰਪੂਰ ਫਾਈਨਲ 'ਚ ਕਰਬਰ ਨੇ ਧਮਾਕੇਦਾਰ ਅੰਦਾਜ਼ 'ਚ ਜਿੱਤ ਦਰਜ ਕੀਤੀ। ਕਰਬਰ ਨੇ ਫਾਈਨਲ 'ਚ ਚੈਕ ਰਿਪਬਲਿਕ ਦੀ ਕੈਰੋਲੀਨਾ ਪਲਿਸਕੋਵਾ ਨੂੰ ਮਾਤ ਦਿੱਤੀ। ਕਰਬਰ ਨੇ ਮੈਚ 6-3, 4-6, 6-4 ਦੇ ਫਰਕ ਨਾਲ ਆਪਣੇ ਨਾਮ ਕੀਤਾ। ਕਰਬਰ ਨੇ ਜਿੱਤ ਤੋਂ ਬਾਅਦ ਕਿਹਾ 'ਇਹ ਖਿਤਾਬ ਜਿੱਤਣ ਦੀ ਖੁਸ਼ੀ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਇੱਕੋ ਸਾਲ 'ਚ ਦੂਜਾ ਗਰੈਂਡ ਸਲੈਮ ਜਿੱਤਣਾ ਸ਼ਾਨਦਾਰ ਹੈ। ਇਹ ਮੇਰੇ ਕਰੀਅਰ ਦਾ ਸਭ ਤੋਂ ਬੇਹਤਰੀਨ ਸਾਲ ਰਿਹਾ ਹੈ। ਮੈਂ 5 ਸਾਲ ਪਹਿਲਾਂ ਇਥੇ ਸੈਮੀਫਾਈਨਲ 'ਚ ਪਹੁੰਚ ਕੇ ਸ਼ੁਰੂਆਤ ਕੀਤੀ ਸੀ ਅਤੇ ਅੱਜ ਮੇਰੇ ਹੱਥ 'ਚ ਟਰਾਫੀ ਹੈ।'
ਖੱਬੇ ਹੱਥ ਨਾਲ ਖੇਡਣ ਵਾਲੀ 28 ਸਾਲਾਂ ਦੀ ਕਰਬਰ ਨੇ ਆਸਟ੍ਰੇਲੀਅਨ ਓਪਨ 'ਚ ਸੇਰੇਨਾ ਵਿਲੀਅਮਸ ਨੂੰ ਹਰਾਕੇ ਖਿਤਾਬੀ ਜਿੱਤ ਦਰਜ ਕੀਤੀ ਸੀ। ਪਰ ਵਿੰਬੈਲਡਨ ਫਾਈਨਲ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੇਰੇਨਾ ਦੇ ਸੈਮੀਫਾਈਨਲ 'ਚ ਪਲਿਸਕੋਵਾ ਹੱਥੋਂ ਹਾਰਨ ਦੇ ਨਾਲ ਹੀ ਕਰਬਰ ਦਾ ਪਹਿਲੇ ਸਥਾਨ 'ਤੇ ਪਹੁੰਚਣਾ ਪੱਕਾ ਹੋ ਗਿਆ ਸੀ। ਫਾਈਨਲ ਜਿੱਤ ਕੇ ਉਨ੍ਹਾਂ ਨੇ ਆਪਣੇ ਵਿਸ਼ਵ ਨੰਬਰ 1 ਹੋਣ ਦਾ ਐਲਾਨ ਕਰ ਦਿੱਤਾ। ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ 'ਚ ਓਹ ਅਧਿਕਾਰਿਕ ਤੌਰ 'ਤੇ ਵਿਸ਼ਵ ਨੰਬਰ 1 ਬਣ ਜਾਵੇਗੀ।
ਕਰਬਰ ਨੇ ਕਿਹਾ 'ਵਿਸ਼ਵ ਨੰਬਰ 1 ਬਣਨਾ ਅਤੇ ਗਰੈਂਡ ਸਲੈਮ ਜਿੱਤਣਾ ਬਚਪਨ ਤੋਂ ਹੀ ਮੇਰਾ ਸੁਪਨਾ ਸੀ, ਅਤੇ ਅੱਜ ਮੇਰੇ ਦੋਨੇ ਸੁਪਨੇ ਪੂਰੇ ਹੋ ਗਏ।' ਪਲਿਸਕੋਵਾ ਲਈ ਵੀ ਯੂ.ਐਸ. ਓਪਨ ਗਰੈਂਡ ਸਲੈਮ ਉਪਲੱਬਧੀਆਂ ਭਰਿਆ ਰਿਹਾ। ਪਲਿਸਕੋਵਾ ਇਸਤੋਂ ਪਹਿਲਾਂ ਕਦੀ ਤੀਜੇ ਦੌਰ ਤੋਂ ਅੱਗੇ ਨਹੀਂ ਵਧੀ ਸੀ ਪਰ ਇਸ ਵਾਰ ਉਸਨੇ ਫਾਈਨਲ ਤਕ ਦਾ ਸਫਰ ਪੂਰਾ ਕੀਤਾ। ਪਲਿਸਕੋਵਾ ਨੇ ਫਾਈਨਲ 'ਚ ਐਂਟਰੀ ਤੋਂ ਪਹਿਲਾਂ ਵੀਨਸ ਵਿਲੀਅਮਸ ਅਤੇ ਸੇਰੇਨਾ ਵਿਲੀਅਮਸ ਵਰਗੀਆਂ ਦਿੱਗਜ ਖਿਡਾਰਨਾ ਨੂੰ ਮਾਤ ਦਿੱਤੀ। ਵਿਲੀਅਮਸ ਭੈਣਾ ਨੂੰ ਇੱਕੋ ਟੂਰਨਾਮੈਂਟ 'ਚ ਮਾਤ ਦੇਣ ਵਾਲੀ ਓਹ ਚੌਥੀ ਖਿਡਾਰਨ ਹੈ। ਜਦ ਪਲਿਸਕੋਵਾ ਨੇ ਆਖਰੀ ਫੋਰਹੈਂਡ ਬਾਉਂਡਰੀ ਤੋਂ ਬਾਹਰ ਮਾਰਿਆ ਤਾਂ ਕਰਬਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਕਰਬਰ ਕੁਝ ਸਮੇਂ ਲਈ ਭਾਵੁਕ ਵੀ ਹੋ ਗਈ। ਕਰਬਰ ਨੇ ਟਵੀਟ ਕਰਕੇ ਆਪਣੀ ਖੁਸ਼ੀ ਅਤੇ ਟਰਾਫੀ ਨਾਲ ਆਪਣੀ ਤਸਵੀਰ ਆਪਣੇ ਫੈਨਸ ਨਾਲ ਸਾਂਝੀ ਕੀਤੀ।
ਕਰਬਰ ਦਾ ਟਵੀਟ
ਪਲਿਸਕੋਵਾ ਨੇ ਵੀ ਟਵੀਟ ਕਰਕੇ ਦਰਸ਼ਕਾਂ ਨੂੰ ਸ਼ੁਕਰੀਆ ਕਿਹਾ।
ਪਲਿਸਕੋਵਾ ਦਾ ਟਵੀਟ