ਚੰਡੀਗੜ੍ਹ - ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ। ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ। ਵਿਆਹ ਮੌਕੇ ਯੁਵਰਾਜ ਸਿੰਘ ਨੇ ਗੂੜ੍ਹੇ ਨਾਭੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਜਦਕਿ ਹੇਜ਼ਲ ਕੀਚ ਨੇ ਉਸੇ ਰੰਗ ਦਾ ਲਹਿੰਗਾ ਪਾਇਆ ਸੀ। ਯੁਵੀ ਦੇ ਵਿਆਹ 'ਤੇ ਸਿਰਫ ਖਾਸ ਅਤੇ ਨਜਦੀਕੀ ਰਿਸ਼ਤੇਦਾਰ ਅਤੇ ਦੋਸਤ ਮੌਜੂਦ ਸਨ। 

  

 

ਯੁਵੀ-ਹੇਜ਼ਲ ਦੇ ਵਿਆਹ ਤੋਂ ਬਾਅਦ ਹੇਜ਼ਲ ਕੀਚ ਨੂੰ ਨਵਾਂ ਨਾਮ ਵੀ ਮਿਲ ਗਿਆ ਹੈ। ਹੁਣ ਹੇਜ਼ਲ ਦਾ ਨਾਮ ਗੁਰਬਸੰਤ ਕੌਰ ਹੋਵੇਗਾ। ਅਲਗ-ਅਲਗ ਵੈਬਸਾਈਟਸ 'ਤੇ ਆ ਰਹੀਆਂ ਖਬਰਾਂ ਅਨੁਸਾਰ ਬੁਧਵਾਰ ਨੂੰ ਯੁਵਰਾਜ ਸਿੰਘ ਦੇ ਵਿਆਹ ਮੌਕੇ ਹੀ ਹੇਜ਼ਲ ਕੀਚ ਦਾ ਨਾਮ 'ਗੁਰਬਸੰਤ ਕੌਰ' ਰਖਿਆ ਗਿਆ ਹੈ। ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੀ ਸਗਾਈ ਬੀਤੇ ਸਾਲ ਨਵੰਬਰ 'ਚ ਹੋਈ ਸੀ ਅਤੇ ਠੀਕ 1 ਸਾਲ ਬਾਅਦ ਇਹ ਸੈਲੀਬ੍ਰਿਟੀ ਜੋੜਾ ਵਿਆਹ ਦੇ ਬੰਧਨ 'ਚ ਬੱਝ ਗਿਆ। ਬੁਧਵਾਰ ਰਾਤ ਯੁਵਰਾਜ ਸਿੰਘ ਦੇ ਘਰ 'ਚ ਇੱਕ ਡਿਨਰ ਪਾਰਟੀ ਵੀ ਕੀਤੀ ਗਈ।