ਚੰਡੀਗੜ੍ਹ: ਆਸਟ੍ਰੇਲੀਆ ਤੇ ਭਾਰਤ ਵਿਚਾਲੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦਾ ਮੈਚ ਜਾਰੀ ਹੈ। ਆਸਟ੍ਰੇਲੀਅਨ ਟੀਮ ਨੇ ਖੇਡ ਖ਼ਤਮ ਹੋਣ ਤਕ ਆਪਣੀ ਦੂਜੀ ਪਾਰੀ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 132 ਦੌੜਾਂ ਬਣਾ ਲਈਆਂ ਹਨ। ਇਸ ਤਰ੍ਹਾਂ ਆਸਟ੍ਰੇਲੀਆ ਦੀ ਕੁੱਲ 175 ਦੋੜਾਂ ਦੀ ਬੜ੍ਹਤ ਹੋ ਚੁੱਕੀ ਹੈ। ਦਿਨ ਦੇ ਸਟੰਪਸ ਤਕ ਉਸਮਾਨ ਖਵਾਜਾ ਨੇ 41 ਤੇ ਕਪਤਾਨ ਟਿਮ ਪੇਨ ਨੇ 8 ਨਾਬਾਦ ਦੌੜਾਂ ਬਣਾਈਆਂ।


ਤੀਜੇ ਦਿਨ ਭਾਰਤ ਦੀ ਪਹਿਲੀ ਪਾਰੀ 282 ਦੌੜਾਂ 'ਤੇ ਖ਼ਤਮ ਕਰਨ ਬਾਅਦ ਆਸਟ੍ਰੇਲੀਆ ਨੇ ਟੀ ਬ੍ਰੇਕ ਤਕ ਬਿਨਾਂ ਵਿਕੇਟ ਗਵਾਏ 33 ਦੌੜਾਂ ਦਾ ਸਕੋਰ ਬਣਾ ਲਿਆ ਸੀ। ਹਾਲਾਂਕਿ ਇਸ ਮੈਚ ਵਿੱਚ ਏਰਾਨ ਫਿੰਚ (25) ਰਿਟਾਇਰਡ ਹਰਟ ਹੋ ਗਿਆ। ਮਾਰਕ ਹੈਰਿਸ (20) ਨਾਬਾਦ ਰਿਹਾ। ਇਸ ਤੋਂ ਬਾਅਦ ਤੀਜੇ ਸੈਸ਼ਨ ਵਿੱਚ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਦੀ ਪਹਿਲੀ ਵਿਕਟ ਲਈ।

ਇਸ ਪਿੱਛੋਂ ਮੁਹੰਮਦ ਸ਼ਮੀ ਨੇ ਖਵਾਜਾ ਨਾਲ ਸਾਥ ਦੇਣ ਵਾਲੇ ਸ਼ਾਨ ਮਾਰਸ਼ (5) ਨੂੰ ਜ਼ਿਆਦਾ ਸਮੇਂ ਤਕ ਮੈਦਾਨ ’ਤੇ ਟਿਕਣ ਨਹੀਂ ਦਿੱਤਾ ਤੇ ਰਿਸ਼ਬ ਪੰਤ ਹੱਥੋਂ ਕੈਚ ਆਊਟ ਕਰਵਾ ਕੇ ਆਸਟ੍ਰੇਲੀਆ ਨੂੰ ਦੂਜਾ ਝਟਕਾ ਦਿੱਤਾ। ਇਸ ਦੇ ਬਾਅਦ ਈਸ਼ਾਂਤ ਸ਼ਰਮਾ ਨੇ ਪੀਟਰ ਹੈਂਡਸਕਾਂਬ (13) ਨੂੰ ਆਊਟ ਕੀਤਾ।

ਇਸ ਪਾਰੀ ਵਿੱਚ ਭਾਰਤ ਲਈ ਸ਼ਮੀ ਨੇ ਦੋ ਵਿਕਟਾਂ ਲਈਆਂ। ਬੁਮਰਾਹ ਤੇ ਈਸ਼ਾਂਤ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ (123) ਦੇ ਸੈਂਕੜੇ ਤੇ ਅਜਿੰਕੇ ਰਹਾਣੇ (51) ਦੇ ਅੱਧ ਸੈਂਕੜੇ ਸਦਕਾ ਭਾਰਤੀ ਟੀਮ ਨੇ 283 ਦੌੜਾਂ ਦਾ ਸਕੋਰ ਖੜਾ ਕੀਤਾ। ਯਾਦ ਰਹੇ ਕਿ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਪਹਿਲੇ ਟੈਸਟ ਮੈਚ ਵਿੱਚ 31 ਦੌੜਾਂ ਨਾਲ ਜਿੱਤ ਹਾਸਲ ਕਰਕੇ ਭਾਰਤ 1-0 ਦੀ ਬੜ੍ਹਤ ਨਾਲ ਚੱਲ ਰਿਹਾ ਹੈ।