ਕ੍ਰਿਕਟ ਇਤਿਹਾਸ 'ਚ 30 ਅਕਤੂਬਰ ਦਾ ਦਿਨ ਬੇਹਦ ਖਾਸ ਹੈ। ਇਸੇ ਦਿਨ ਵਿਸ਼ਵ ਦੇ ਸਭ ਤੋਂ ਬੇਹਤਰੀਨ ਤੇਜ਼ ਗੇਂਦਬਾਜ਼ ਦਾ ਜਨਮਦਿਨ ਹੈ। ਇਹ ਤੇਜ਼ ਗੇਂਦਬਾਜ਼ ਹੈ ਵੈਸਟ ਇੰਡੀਜ਼ ਦਾ ਕੋਰਟਨੀ ਵਾਲਸ਼। ਕੋਰਟਨੀ ਵਾਲਸ਼ ਅੱਜ 54 ਸਾਲ ਦੇ ਹੋ ਗਏ ਹਨ। ਵਾਲਸ਼ ਨੇ ਆਪਣੇ ਕਰੀਅਰ ਦੌਰਾਨ 132 ਟੈਸਟ ਅਤੇ 205 ਟੈਸਟ ਮੈਚ ਖੇਡੇ। ਇਸ 'ਚ ਵਾਲਸ਼ ਨੇ ਬੱਲੇ ਨਾਲ ਤਾਂ ਕੋਈ ਕਮਾਲ ਨਹੀਂ ਕੀਤਾ ਪਰ ਆਪਣੀ ਗੇਂਦਬਾਜ਼ੀ ਨਾਲ ਚੰਗੇ ਤੋਂ ਚੰਗੇ ਬੱਲੇਬਾਜਾਂ ਨੂੰ ਵੀ ਪਰੇਸ਼ਾਨ ਕਰ ਦਿੱਤਾ।
ਵਾਲਸ਼ ਨੇ ਟੈਸਟ ਮੈਚਾਂ 'ਚ 519 ਅਤੇ ਵਨਡੇ ਮੈਚਾਂ 'ਚ 227 ਵਿਕਟ ਹਾਸਿਲ ਕੀਤੇ। ਵਾਲਸ਼ ਟੈਸਟ ਮੈਚਾਂ 'ਚ 500 ਵਿਕਟ ਹਾਸਿਲ ਕਰਨ ਵਾਲੇ ਵਿਸ਼ਵ ਦੇ ਪਹਿਲੇ ਗੇਂਦਬਾਜ਼ ਸਨ।
ਕੋਰਟਨੀ ਵਾਲਸ਼ ਦਾ ਘਾਤਕ ਸਪੈਲ :
Overs - 4.3
Maidens - 3
Runs - 1
Wickets - 5
ਤੇਜ਼ ਗੇਂਦਬਾਜ਼ੀ ਦੀ ਗੱਲ ਹੋਵੇ ਤੇ ਵੈਸਟ ਇੰਡੀਜ਼ ਦੇ ਖਿਡਾਰੀਆਂ ਦਾ ਜ਼ਿਕਰ ਨਾ ਹੋਵੇ, ਇਹ ਮੁਮਕਿਨ ਨਹੀਂ ਹੈ। ਅਤੇ ਵੈਸਟ ਇੰਡੀਜ਼ ਦੇ ਖਿਡਾਰੀਆਂਦੀ ਗੱਲ ਹੋਵੇ ਤੇ ਕੋਰਟਨੀ ਵਾਲਸ਼ ਦਾ ਨਾਮ ਨਾ ਆਵੇ, ਇਹ ਵੀ ਮੁਮਕਿਨ ਨਹੀਂ ਹੈ।
ਕੋਰਟਨੀ ਵਾਲਸ਼ ਨੇ ਕਈ ਮੌਕਿਆਂ ਤੇ ਵੈਸਟ ਇੰਡੀਜ਼ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ। ਪਰ ਵਾਲਸ਼ ਦਾ ਇੱਕ ਸਪੈਲ ਅਜਿਹਾ ਸੀ ਜਿਸਦਾ ਕੋਈ ਮੇਲ ਨਹੀਂ ਹੈ। ਵਾਲਸ਼ ਨੇ ਆਪਣੇ ਇਸ ਸਪੈਲ 'ਚ 4.3 ਓਵਰਾਂ 'ਚ 3 ਮੇਡਨ ਓਵਰ ਕਰਵਾਏ ਅਤੇ 1 ਰਨ ਦੇਕੇ 5 ਵਿਕਟਾਂ ਹਾਸਿਲ ਕੀਤੀਆਂ। ਵਾਲਸ਼ ਨੇ ਇਹ ਕਮਾਲ ਸ਼੍ਰੀਲੰਕਾ ਖਿਲਾਫ ਕੀਤਾ।
ਇਹ ਮੈਚ 45 ਓਵਰਾਂ ਦਾ ਮੈਚ ਸੀ ਅਤੇ ਵੈਸਟ ਇੰਡੀਜ਼ ਨੇ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 248 ਦੌੜਾਂ ਦਾ ਸਕੋਰ ਖੜਾ ਕੀਤਾ। ਜਵਾਬ 'ਚ ਵੱਡੇ ਟੀਚੇ ਦਾ ਪਿਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੂੰ ਵਾਲਸ਼ ਨਾਮ ਦੇ ਤੂਫਾਨ ਦਾ ਸਾਹਮਣਾ ਕਰਨਾ ਪਿਆ। ਵਾਲਸ਼ ਦੀ ਖਤਰਨਾਕ ਗੇਂਦਬਾਜ਼ੀ ਸਾਹਮਣੇ ਸ਼੍ਰੀਲੰਕਾ ਦੇ ਬੱਲੇਬਾਜ਼ ਟਿਕ ਨਹੀਂ ਸਕੇ ਅਤੇ ਪੂਰੀ ਟੀਮ 55 ਦੌੜਾਂ ਤੇ ਢੇਰ ਹੋ ਗਈ। ਇਹ ਮੈਚ ਸਾਲ 1986 'ਚ ਖੇਡਿਆ ਗਿਆ ਸੀ। ਇਸ ਮੈਚ ਦੇ ਅੰਕੜੇ ਵਾਲਸ਼ ਦੇ ਕਰਿਅਰ ਦੇ ਬੈਸਟ ਅੰਕੜੇ ਸਨ। ਖਾਸ ਗੱਲ ਇਹ ਸੀ ਕਿ ਵਾਲਸ਼ ਨੇ ਜੋ 5 ਵਿਕਟ ਝਟਕੇ ਉਸ ਚੋਂ 4 ਵਿਕਟ ਕਲੀਨ ਬੋਲਡ ਸਨ।
ਵਾਲਸ਼ ਵਰਗੇ ਦਿੱਗਜ ਗੇਂਦਬਾਜ਼ ਦੀ ਅੱਜ ਵੈਸਟ ਇੰਡੀਜ਼ ਦੀ ਟੀਮ ਕਾਫੀ ਘਾਟ ਮਹਿਸੂਸ ਕਰਦੀ ਹੋਵੇਗੀ।