ਨਵੀਂ ਦਿੱਲੀ: ਕ੍ਰਿਕਟ ਦੀ ਦੁਨੀਆ ਵਿੱਚ ਹਿੱਟਮੈਨ ਵਜੋਂ ਮਸ਼ਹੂਰ ਰੋਹਿਤ ਸ਼ਰਮਾ ਦੌੜਾਂ ਦੇ ਮਾਮਲੇ ਵਿੱਚ ਵੀ ਹਿੱਟ ਸਾਬਤ ਹੋਇਆ ਹੈ। ਜੇ ਤੁਸੀਂ ਇਸ ਸਾਲ ਉਨ੍ਹਾਂ ਦੇ ਰਿਪੋਰਟ ਕਾਰਡ 'ਤੇ ਨਜ਼ਰ ਮਾਰੋ, ਤਾਂ ਉਨ੍ਹਾਂ ਨੇ ਨਾ ਸਿਰਫ਼ ਵਿਰਾਟ ਕੋਹਲੀ ਅਤੇ ਸਨਥ ਜੈਸੂਰੀਆ ਵਰਗੇ ਦਿੱਗਜ਼ਾਂ ਨੂੰ ਪਿੱਛੇ ਛੱਡਿਆ ਹੈ, ਬਲਕਿ ਉਨ੍ਹਾਂ ਦੇ ਰਿਕਾਰਡ ਵੀ ਤੋੜੇ ਦਿੱਤੇ ਹਨ। ਸਾਲ 2019 ਵਿੱਚ ਰੋਹਿਤ ਸ਼ਰਮਾ ਨੇ ਵਨ ਡੇਅ ਇੰਟਰਨੈਸ਼ਨਲ ਵਿੱਚ 1490 ਦੌੜਾਂ ਬਣਾਈਆਂ ਹਨ।


ਦੌੜਾਂ ਦੇ ਲਿਹਾਜ਼ ਨਾਲ ਰੋਹਿਤ ਸ਼ਰਮਾ ਨੇ ਕ੍ਰਿਕਟ ਦੇ ਬਾਦਸ਼ਾਹ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰੋਹਿਤ ਨੇ ਜਿਸ ਤਰ੍ਹਾਂ ਆਪਣੇ ਬੱਲੇ ਨਾਲ ਦੌੜਾਂ ਦਾ ਮੀਂਹ ਵਰ੍ਹਾਇਆ, ਕ੍ਰਿਕਟ ਜਗਤ ਵਿੱਚ ਇਸਦੀ ਚਰਚਾ ਹੋ ਰਹੀ ਹੈ। ਉਸਦੇ ਪ੍ਰਸ਼ੰਸਕ ਵੀ ਉਸ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ। ਸਾਲ 2019 ਵਿੱਚ, ਰੋਹਿਤ ਨੇ 7 ਸੈਂਕੜੇ ਅਤੇ 6 ਅਰਧ ਸੈਂਕੜੇ ਲਗਾ ਕੇ 1490 ਦੌੜਾਂ ਬਣਾਈਆਂ ਹਨ। ਰੋਹਿਤ ਨੇ ਇਸ ਸਾਲ ਵਰਲਡ ਕੱਪ ਵਿੱਚ 5 ਸੈਂਕੜੇ ਲਗਾਏ ਸਨ। ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਰੋਹਿਤ ਸ਼ਰਮਾ ਉਨ੍ਹਾਂ ਖਿਡਾਰੀਆਂ ਦੀ ਸੂਚੀ ਵਿੱਚ ਪਹਿਲੇ ਨੰਬਰ 'ਤੇ ਪਹੁੰਚ ਗਏ ਹਨ ਜਿਨ੍ਹਾਂ ਨੇ ਸਾਲ 2019 ਦੇ ਕ੍ਰਿਕਟ ਕੈਲੰਡਰ ਇਅਰ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਵੀਰਾਟ ਕੋਹਲੀ 1377 ਦੌੜਾਂ ਬਣਾ ਕੇ ਇਸ ਸੂਚੀ ਵਿਚ ਦੂਜੇ ਨੰਬਰ 'ਤੇ ਹੈ। ਵੈਸਟਇੰਡੀਜ਼ ਦੇ ਬੱਲੇਬਾਜ਼ ਸ਼ਾਈ ਹੋਪ ਤੀਜੇ ਨੰਬਰ 'ਤੇ ਹਨ। ਹੋਪ ਨੇ ਸਾਲ 2019 ਵਿੱਚ 1345 ਦੌੜਾਂ ਜੋੜੀਆਂ ਹਨ।

ਰੋਹਿਤ ਨੇ ਸਾਲ 2017 ਦੇ ਕੈਲੰਡਰ ਇਅਰ 'ਚ ਵਿਰਾਟ ਕੋਹਲੀ ਦੁਆਰਾ ਬਣਾਏ 1460 ਵਨਡੇ ਦੌੜਾਂ ਦੇ ਰਿਕਾਰਡ ਨੂੰ ਤੋੜਿਆ ਹੈ। ਦੂਜੇ ਪਾਸੇ, ਕ੍ਰਿਕਟ ਦੀਆਂ ਸਾਰੀਆਂ ਕਿਸਮਾਂ ਵਿੱਚ, ਰੋਹਿਤ ਨੇ ਇਸ ਸਾਲ 10 ਸੈਂਕੜਿਆਂ ਦੀ ਮਦਦ ਨਾਲ 2442 ਦੌੜਾਂ ਬਣਾ ਕੇ ਸ਼੍ਰੀਲੰਕਾ ਦੇ ਬੱਲੇਬਾਜ਼ ਸਨਥ ਜੈਸੂਰੀਆ ਦਾ ਰਿਕਾਰਡ ਤੋੜ ਦਿੱਤਾ ਹੈ।

ਰੋਹਿਤ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਕੈਲੰਡਰ ਇਅਰ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾ ਕੇ ਜੈਸੂਰੀਆ ਦਾ 22 ਸਾਲਾ ਰਿਕਾਰਡ ਤੋੜ ਦਿੱਤਾ ਹੈ। ਰੋਹਿਤ ਨੇ 47 ਪਾਰੀਆਂ ਵਿਚ 53.08 ਦੀ ਔਸਤ ਨਾਲ ਸਾਰੇ ਫਾਰਮੈਟਾਂ ਵਿੱਚ 10 ਸੈਂਕੜੇ ਅਤੇ 10 ਅਰਧ ਸੈਂਕੜੇ ਲਗਾਏ ਹਨ।