ਨਵੀਂ ਦਿੱਲੀ - ਭਾਰਤੀ ਪੁਰੁਸ਼ ਹਾਕੀ ਟੀਮ ਨੇ ਸ਼ਨੀਵਾਰ ਨੂੰ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ਮੁਕਾਬਲੇ 'ਚ ਜਿੱਤ ਦਰਜ ਕਰ ਟੂਰਨਾਮੈਂਟ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਭਾਰਤ ਨੇ ਦਖਣੀ ਕੋਰੀਆ ਨੂੰ ਪੈਨਲਟੀ ਸ਼ੂਟ ਆਊਟ 'ਚ ਹਰਾ ਕੇ ਫਾਈਨਲ ਦਾ ਟਿਕਟ ਹਾਸਿਲ ਕੀਤਾ। 

 

 

ਨਿਰਧਾਰਿਤ ਸਮੇਂ 'ਚ ਮੈਚ 2-2 ਦੀ ਬਰਾਬਰੀ 'ਤੇ ਟਿਕਿਆ ਹੋਇਆ ਸੀ ਅਤੇ ਮੈਚ ਦਾ ਨਤੀਜਾ ਪੈਨਲਟੀ ਸ਼ੂਟ ਆਊਟ ਦੇ ਆਸਰੇ ਨਿਕਲਿਆ। ਪੈਨਲਟੀ ਸ਼ੂਟ ਆਊਟ 'ਚ 3-3 ਦੇ ਨਾਲ ਸਕੋਰ ਬਰਾਬਰੀ 'ਤੇ ਟਿਕਿਆ ਹੋਇਆ ਸੀ ਜਦ ਭਾਰਤੀ ਗੋਲਕੀਪਰ ਦਖਣੀ ਕੋਰੀਆ ਦਾ ਚੌਥਾ ਮੌਕਾ ਰੋਕਣ 'ਚ ਕਾਮਯਾਬ ਰਹੇ। ਪਰ ਗਲਤ ਟੈਕਲ ਕਾਰਨ ਦਖਣੀ ਕੋਰੀਆ ਨੂੰ ਪੈਨਲਟੀ ਸਟਰੋਕ ਮਿਲ ਗਿਆ ਜਿਸ 'ਤੇ ਕੋਰੀਆ ਦੀ ਟੀਮ ਬਰਾਬਰੀ ਹਾਸਿਲ ਕਰਨ 'ਚ ਕਾਮਯਾਬ ਹੋ ਗਈ ਅਤੇ ਸਕੋਰ 4-4 'ਤੇ ਪਹੁੰਚ ਗਿਆ। 

  

 

ਭਾਰਤ ਨੂੰ ਵੀ 5ਵੇਂ ਮੌਕੇ 'ਤੇ ਗਲਤ ਟੈਕਲ ਕਾਰਨ ਪੈਨਲਟੀ ਸਟਰੋਕ ਮਿਲਿਆ ਜਿਸ 'ਤੇ ਗੋਲ ਕਰ ਭਾਰਤ ਨੇ 5-4 ਦੀ ਲੀਡ ਹਾਸਿਲ ਕਰ ਲਈ। ਭਾਰਤੀ ਗੋਲਕੀਪਰ ਨੇ ਦਖਣੀ ਕੋਰੀਆ ਦੇ 5ਵੇਂ ਅਟੈਂਪਟ ਨੂੰ ਗੋਲ 'ਚ ਤਬਦੀਲ ਨਹੀਂ ਹੋਣ ਦਿੱਤਾ ਅਤੇ ਮੈਚ ਭਾਰਤ ਨੇ ਜਿੱਤ ਲਿਆ। ਇਸਤੋਂ ਪਹਿਲਾਂ ਨਿਰਧਾਰਿਤ ਸਮੇਂ ਦੌਰਾਨ ਭਾਰਤ ਲਈ ਤਲਵਿੰਦਰ ਸਿੰਘ ਨੇ 15ਵੇਂ ਅਤੇ ਰਮਨਦੀਪ ਸਿੰਘ ਨੇ 55ਵੇਂ ਮਿਨਟ 'ਚ ਗੋਲ ਕੀਤਾ। ਕੋਰੀਆ ਦੀ ਟੀਮ ਨੇ 21ਵੇਂ ਅਤੇ 53ਵੇਂ ਮਿਨਟ 'ਚ ਗੋਲ ਕੀਤੇ ਸਨ। ਭਾਰਤੀ ਹਾਕੀ ਟੀਮ ਨੇ ਦੀਵਾਲੀ ਮੌਕੇ ਦੇਸ਼ ਨੂੰ ਜਿੱਤ ਦਾ ਤੋਹਫਾ ਦਿੱਤਾ।