ਮੁੰਬਈ: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ 30 ਮਈ ਤੋਂ ਇੰਗਲੈਂਡ ਵਿੱਚ ਖੇਡੇ ਜਾਣ ਵਾਲੇ ਵਿਸ਼ਵ ਕ੍ਰਿਕਟ ਕੱਪ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਐਮਐਸਕੇ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਚੋਣ ਕਮੇਟੀ ਨੇ ਮੁੰਬਈ ਵਿੱਚ ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਦੇ 15 ਖਿਡਾਰੀਆਂ ਦਾ ਐਲਾਨ ਕੀਤਾ ਪਰ ਦਿੱਗਜ ਕ੍ਰਿਕੇਟਰ ਤੇ 2011 ਵਿਸ਼ਵ ਕੱਪ ਟੀਮ ਦਾ ਹਿੱਸਾ ਰਹੇ ਵਰਿੰਦਰ ਸਹਿਵਾਗ ਨੇ ਇਸ ਟੀਮ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਦਿਨੇਸ਼ ਕਾਰਤਿਕ ਦੀ ਥਾਂ ਰਿਸ਼ਭ ਪੰਤ ਨੂੰ ਟੀਮ ਵਿੱਚ ਲੈਣਾ ਚਾਹੀਦਾ ਸੀ।

ਓਪਨਰਸ: ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ. ਐਲ. ਰਾਹੁਲ
ਮਿਡਲ ਆਰਡਰ: ਵਿਰਾਟ ਕੋਹਲੀ, ਕੇਦਾਰ ਯਾਦਵ
ਵਿਕਟ ਕੀਪਰ: ਐਮਐਸ ਧੋਨੀ, ਦਿਨੇਸ਼ ਕਾਰਤਿਕ
ਆਲ ਰਾਊਂਡਰ: ਹਾਰਦਿਕ ਪਾਂਡਿਆ, ਵਿਜੇ ਸ਼ੰਕਰ
ਸਪਿਨ ਗੇਂਦਬਾਜ਼: ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ
ਤੇਜ਼ ਗੇਂਦਬਾਜ਼: ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ

ਸਹਿਵਾਗ ਨੇ ਕਿਹਾ ਹੈ ਕਿ ਦੂਜੇ ਵਿਕਟ ਕੀਪਰ ਵਜੋਂ ਲਏ ਦਿਨੇਸ਼ ਕਾਰਤਿਕ ਦੀ ਥਾਂ ਰਿਸ਼ਭ ਪੰਤ ਨੂੰ ਟੀਮ ਵਿੱਚ ਸ਼ਾਮਲ ਕਰਨਾ ਚਾਹੀਦਾ ਸੀ ਕਿਉਂਕਿ ਉਹ ਨੌਜਵਾਨ ਖਿਡਾਰੀ ਹੈ। ਸਹਿਵਾਗ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਜ਼ਿਆਦਾ ਸਮਾਂ ਟੀਮ ਵਿੱਚ ਰਹੇਗਾ ਤੇ ਦਿਨੇਸ਼ ਕਾਰਤਿਕ ਕੁਝ ਸਾਲਾਂ ਤਕ ਰਿਟਾਇਰ ਹੋ ਜਾਏਗਾ। ਅਜਿਹੇ ਵਿੱਚ ਪੰਤ ਟੀਮ ਦਾ ਹਿੱਸਾ ਬਣ ਕੇ ਕਾਫੀ ਕੁਝ ਸਿੱਖ ਸਕਦਾ ਸੀ।

ਸਹਿਵਾਗ ਨੇ ਇਹ ਵੀ ਤਰਕ ਦਿੱਤਾ ਕਿ ਕਾਰਤਿਕ ਦੇ ਖੇਡਣ ਦੀ ਸੰਭਾਵਨਾ ਬਹੁਤ ਘੱਟ ਹੈ। ਕਾਰਤਿਕ ਤਾਂ ਹੀ ਟੀਮ ਵਿੱਚ ਖੇਡ ਸਕਦੇ ਹਨ ਜਦੋਂ ਧੋਨੀ ਖੇਡਣ ਵਾਲੇ 11 ਖਿਡਾਰੀਆਂ ਤੋਂ ਬਾਹਰ ਹੋਣਗੇ। ਅਜਿਹਾ ਸੱਟ ਲੱਗਣ ਦੀ ਸਥਿਤੀ ਵਿੱਚ ਹੋ ਸਕਦਾ ਹੈ।

ਦੂਜੇ ਪਾਸੇ ਸਾਬਕਾ ਕ੍ਰਿਕੇਟਰ ਸੰਦੀਪ ਪਾਟਿਲ ਨੇ ਇਸ ਟੀਮ ਨੂੰ ਸ਼ਾਨਦਾਰ ਦੱਸਿਆ ਹੈ। ਪਾਟਿਲ ਨੇ ਕਿਹਾ ਕਿ ਇਸ ਟੀਮ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਟੀਮ ਦੇ 15 ਵਿੱਚੋਂ 9 ਖਿਡਾਰੀ ਗੇਂਦਬਾਜ਼ੀ ਕਰ ਸਕਦੇ ਹਨ। ਇਸ ਟੀਮ ਸਬੰਧੀ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਇਸ ਵਿੱਚ ਸ਼ਿਖਰ ਧਵਨ ਤੋਂ ਇਲਾਵਾ ਕੋਈ ਵੀ ਲੈਫਟ ਹੈਂਡ ਬੈਟਸਮੈਨ ਨਹੀਂ ਹੈ।