ਚੰਡੀਗੜ੍ਹ: ਏਸ਼ੀਆ ਕੱਪ ਵਿੱਚ ਅੱਜ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋ ਰਿਹਾ ਹੈ। ਭਾਰਤ ਦੀਆਂ ਨਜ਼ਰਾਂ ਆਪਣੇ ਸਤਵੇਂ ਖ਼ਿਤਾਬ ’ਤੇ ਹਨ ਜਦਕਿ ਬੰਗਲਾਦੇਸ਼ ਆਪਣੇ ਪਹਿਲੇ ਖ਼ਿਤਾਬ ਦੀ ਖੋਜ ਵਿੱਚ ਹੈ। ਭਾਰਤ ਨੇ 2016 ਵਿੱਚ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ ਹਰਾ ਕੇ ਛੇਵਾਂ ਏਸ਼ੀਆ ਕੱਪ ਜਿੱਤਿਆ ਸੀ। ਬੰਗਲਾ ਦੇਸ਼ ਤੀਜੀ ਵਾਰ ਫਾਈਨਲ ਮੁਕਾਬਲੇ ਵਿੱਚ ਪੁੱਜਾ ਹੈ। ਪਹਿਲੇ ਦੋ ਮੈਚਾਂ ’ਤੇ ਉਹ ਜਿੱਤ ਹਾਸਲ ਕਰਨ ਤੋਂ ਨਾਕਾਮ ਰਹਿ ਗਿਆ ਸੀ, ਪਰ ਇਸ ਵਾਰ ਉਹ ਖਿਤਾਬੀ ਜਿੱਤ ਲਈ ਪੂਰਾ ਜ਼ੋਰ ਲਾ ਰਿਹਾ ਹੈ।

ਬੁਮਰਾਹ ਦੀ ਬਿਹਤਰੀਨ ਯਾਰਕਰ ’ਤੇ ਦੌੜਾਂ ਬਣਾਉਣਾ ਬੰਗਲਾਦੇਸ਼ ਦੇ ਬੱਲੇਬਾਜ਼ਾਂ ਲਈ ਆਸਾਨ ਨਹੀਂ ਲੱਗ ਰਿਹਾ। ਅਜਿਹੇ ਵਿੱਚ ਬੰਗਲਾਦੇਸ਼ ਦੇ ਨਜਮੁਲ ਇਸਲਾਮ ਦੌੜ ਲੈਣ ਲਈ ਭੱਜਿਆ ਪਰ ਮਨੀਸ਼ ਪਾਂਡੇ ਨੇ ਬੜੀ ਆਸਾਨੀ ਨਾਲ ਗੇਂਦ ਫੜ ਕੇ ਬੰਗਲਾਦੇਸ਼ ਨੂੰ 213 ’ਤੇ 8ਵਾਂ ਝਟਕਾ ਦੇ ਦਿੱਤਾ ਹੈ।

ਸੈਂਕੜਾ ਬਣਾਉਣ ਬਾਅਦ ਮੱਠੀ ਗਤੀ ਵਿੱਚ ਖੇਡ ਰਹੇ ਲਿਟਨ ਦਾਸ ਕੁਲਦੀਪ ਯਾਦਵ ਦੀ ਗੇਂਦ ’ਤੇ ਆਉਟ ਹੋ ਕੇ ਪਵੀਲੀਅਨ ਗਿਆ। ਧੋਨੀ ਨੇ ਇੱਕ ਵਾਰ ਫਿਰ ਬਿਹਤਰੀਨ ਸਪਿਨਿੰਗ ਕੀਤੀ। ਲਿਟਨ ਦਾਸ 117 ਗੇਂਦਾਂ ਵਿੱਚ 121 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਇਆ।

32ਵੇਂ ਓਵਰ ਵਿੱਚ ਵਿਕਟ ਡਿੱਗਣ ਬਾਅਦ ਕੁਲਦੀਪ ਯਾਦਵ ਨੇ ਮਹਮੂਦੁੱਲਾ ਦੇ ਰੂਪ ਵਿੱਚ ਬੰਗਲਾਦੇਸ਼ ਦੀ ਪੰਜਵੀਂ ਵਿਕਟ ਝਟਕਾਈ। ਮਹਮੂਦੁੱਲਾ 16ਵੀਂ ਗੇਂਦ ਵਿੱਚ ਚਾਰ ਦੌੜਾਂ ਬਣਾ ਸਕਿਆ। 150 ਦੌੜਾਂ ਦਾ ਅੰਕੜਾ ਪਾਰ ਕਰਨ ਤਕ ਟੀਮ ਆਪਣੇ ਅੱਧੇ ਬੱਲੇਬਾਜ਼ਾਂ ਨੂੰ ਗਵਾ ਚੁੱਕੀ ਸੀ।

ਲਿਟਨ ਦਾਸ ਦਾ ਸੈਂਕੜਾ

ਕਰੀਅਰ ਵਿੱਚ ਪਹਿਲੀ ਵਾਰ 50 ਦਾ ਅੰਕੜਾ ਪਾਰ ਕਰਨ ਵਾਲੇ ਲਿਟਨ ਦਾਸ ਨੇ ਕਰੀਅਰ ਦਾ ਪਹਿਲਾ ਸੈਂਕੜਾ ਲਾ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਆਪਣੀ 87 ਗੇਂਦਾਂ ਦੀ ਪਾਰੀ ਵਿੱਚ ਉਸਨੇ 11 ਚੌਕੇ ਤੇ 2 ਬਿਹਤਰੀਨ ਛੱਕੇ ਲਾਏ।