ਨਵੀਂ ਦਿੱਲੀ: ਭਾਰਤ ਦੇ ਸਾਬਕਾ ਦਿੱਗਜ ਬੱਲੇਬਾਜ਼ ਰਾਹੁਲ ਦ੍ਰਾਵਿੜ ਦਾ ਬੀਸੀਸੀਆਈ ਵਿੱਚ ਕੱਦ ਜਲਦੀ ਹੀ ਵਧ ਸਕਦਾ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ, ਬੀਸੀਸੀਆਈ ਇੱਕ ਟਾਸਕ ਫੋਰਸ ਸਥਾਪਤ ਕਰੇਗੀ ਜਿਸ ਦੀ ਅਗਵਾਈ ਰਾਹੁਲ ਦ੍ਰਾਵਿੜ ਕਰ ਸਕਦੇ ਹਨ। ਰਾਹੁਲ ਦ੍ਰਾਵਿੜ ਕੋਲ ਪਹਿਲਾਂ ਹੀ ਕੌਮੀ ਕ੍ਰਿਕਟ ਅਕੈਡਮੀ ਦੀ ਜ਼ਿੰਮੇਵਾਰੀ ਹੈ। ਬੀਸੀਸੀਆਈ ਨੇ ਖਿਡਾਰੀਆਂ ਨੂੰ ਦੁਬਾਰਾ ਟ੍ਰੇਨਿੰਗ ਦੇਣ ਦੀ ਆਗਿਆ ਦੇਣ ਤੋਂ ਪਹਿਲਾਂ ਸਾਰੇ ਰਾਜਾਂ ਦੇ ਕ੍ਰਿਕਟ ਬੋਰਡਾਂ ਨੂੰ ਮਿਆਰੀ ਓਪਰੇਟਿੰਗ ਵਿਧੀ (SOP) ਜਾਰੀ ਕੀਤੀ ਹੈ। ਰਾਹੁਲ ਦ੍ਰਾਵਿੜ ਨੂੰ ਐਸਓਪੀ ਵਿਚ ਹੀ ਟਾਸਕ ਫੋਰਸ ਦਾ ਮੁਖੀ ਬਣਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ BCCI ਨੇ SOP ਵਿਚ ਸਪੱਸ਼ਟ ਕਰ ਦਿੱਤਾ ਹੈ ਕਿ 60 ਸਾਲ ਤੋਂ ਉਪਰ ਦੀ ਉਮਰ ਦਾ ਕੋਈ ਵੀ ਵਿਅਕਤੀ ਸਿਖਲਾਈ ਕੈਂਪ ਦਾ ਹਿੱਸਾ ਨਹੀਂ ਹੋ ਸਕਦਾ। ਹਾਲਾਂਕਿ, ਬੀਸੀਸੀਆਈ ਦੇ ਇਸ ਫੈਸਲੇ 'ਤੇ ਵਿਵਾਦ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਬੰਗਾਲ ਤੇ ਬੜੌਦਾ ਦੇ ਕੋਚ ਦੀ ਉਮਰ 60 ਸਾਲ ਤੋਂ ਵੱਧ ਹੈ ਅਤੇ ਉਹ ਸਿਖਲਾਈ ਕੈਂਪ ਵਿਚ ਆਪਣੀ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ। ਇਸ ਤੋਂ ਇਲਾਵਾ, ਖਿਡਾਰੀਆਂ ਨੂੰ ਸਿਖਲਾਈ ਕੈਂਪ ਦਾ ਹਿੱਸਾ ਬਣਨ ਤੋਂ ਪਹਿਲਾਂ ਇਕ ਪੱਤਰ 'ਤੇ ਦਸਤਖਤ ਕਰਨੇ ਪੈਣਗੇ, ਜਿਸ ਵਿੱਚ ਕਿਹਾ ਗਿਆ ਹੈ ਕਿ ਖਿਡਾਰੀ ਸਿਖਲਾਈ ਦੇ ਜੋਖਮ ਲਈ ਜ਼ਿੰਮੇਵਾਰ ਹੋਵੇਗਾ, ਨਾ ਕਿ BCCI। ਬੀਸੀਸੀਆਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਖਿਡਾਰੀਆਂ ਨੂੰ ਬਿਨਾ ਕਿਸੇ ਮਾਸਕ ਦੇ ਗਰਾਉਂਡ ‘ਤੇ ਦਾਖਲਾ ਨਹੀਂ ਮਿਲੇਗਾ। ਇਸ ਤੋਂ ਇਲਾਵਾ ਕ੍ਰਿਕਟਰਾਂ ਨੂੰ ਖੇਡਦੇ ਸਮੇਂ ਚਛਮੇ ਦੀ ਵਰਤੋਂ ਕਰਨੀ ਪਵੇਗੀ।