ਰਾਜਕੋਟ - ਇੰਗਲੈਂਡ ਨੇ ਟੀਮ ਇੰਡੀਆ ਨੂੰ ਰਾਜਕੋਟ ਟੈਸਟ 'ਚ ਜਿੱਤ ਲਈ 310 ਰਨ ਦਾ ਟੀਚਾ ਦਿੱਤਾ ਹੈ। ਇੰਗਲੈਂਡ ਨੇ ਆਪਣੀ ਦੂਜੀ ਪਾਰੀ 3 ਵਿਕਟਾਂ 'ਤੇ 260 ਰਨ ਬਣਾ ਕੇ ਐਲਾਨੀ। ਕੁੱਕ ਦੇ ਸੈਂਕੜੇ ਦੇ ਆਸਰੇ ਇੰਗਲੈਂਡ ਦੀ ਟੀਮ ਨੇ ਮੈਚ ਦੇ ਆਖਰੀ ਦਿਨ ਤੇਜ਼ੀ ਨਾਲ ਰਨ ਬਣਾਏ ਅਤੇ ਟੀਮ ਇੰਡੀਆ ਨੂੰ ਮਜਬੂਤ ਚੁਨੌਤੀ ਦਾ ਪਿੱਛਾ ਕਰਨ ਦਾ ਟੀਚਾ ਦਿੱਤਾ। 

  

 


ਕੁੱਕ ਦਾ ਕਮਾਲ 

 

ਇੰਗਲੈਂਡ ਲਈ ਕਪਤਾਨ ਐਲਿਸਟਰ ਕੁੱਕ ਨੇ ਸੈਂਕੜਾ ਜੜਿਆ। ਕੁੱਕ ਨੇ 5ਵੇਂ ਦਿਨ ਦਮਦਾਰ ਅੰਦਾਜ਼ 'ਚ ਖੇਡ ਦੀ ਸ਼ੁਰੂਆਤ ਕੀਤੀ ਅਤੇ ਭਾਰਤੀ ਗੇਂਦਬਾਜ਼ਾਂ ਨੂੰ ਆਪਣੇ 'ਤੇ ਭਾਰੀ ਨਹੀਂ ਪੈਣ ਦਿੱਤਾ। ਕੁੱਕ ਨੇ ਪਹਿਲਾਂ 122 ਗੇਂਦਾਂ 'ਤੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਅਰਧ-ਸੈਂਕੜੇ ਤਕ ਪਹੁੰਚਣ ਤੋਂ ਬਾਅਦ ਕੁੱਕ ਨੇ ਆਪਣੀ ਪਾਰੀ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਅਤੇ 194 ਗੇਂਦਾਂ 'ਤੇ ਸੈਂਕੜਾ ਜੜ ਦਿੱਤਾ। ਸੈਂਕੜੇ ਤਕ ਪਹੁੰਚਦਿਆਂ ਕੁੱਕ ਨੇ 10 ਚੌਕੇ ਜੜੇ। ਕੁੱਕ ਨੇ 130 ਰਨ ਦਾ ਯੋਗਦਾਨ ਪਾਇਆ। ਕੁੱਕ ਦੀ ਪਾਰੀ 'ਚ 13 ਚੌਕੇ ਸ਼ਾਮਿਲ ਸਨ। 


  


 

ਹਮੀਦ ਹਿਟ 

 

ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਅਤੇ ਇੰਗਲੈਂਡ ਦੇ ਕ੍ਰਿਕਟ ਇਤਿਹਾਸ ਦੇ ਸਭ ਤੋਂ ਯੁਵਾ ਸਲਾਮੀ ਬੱਲੇਬਾਜ ਹਸੀਬ ਹਮੀਦ ਨੇ ਪਹਿਲੀ ਪਾਰੀ 'ਚ ਪ੍ਰਭਾਵਿਤ ਕਰਨ ਤੋਂ ਬਾਅਦ ਦੂਜੀ ਪਾਰੀ 'ਚ 82 ਰਨ ਦਾ ਯੋਗਦਾਨ ਪਾਇਆ। ਹਮੀਦ ਨੇ 177 ਗੇਂਦਾਂ 'ਤੇ 7 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 82 ਰਨ ਦੀ ਪਾਰੀ ਖੇਡੀ। 


  


 

ਮਿਸ਼ਰਾ ਨੂੰ ਮਿਲੇ 2 ਵਿਕਟ 

 

ਮੈਚ ਦੇ 5ਵੇਂ ਦਿਨ ਪਹਿਲੇ ਸੈਸ਼ਨ 'ਚ ਭਾਰਤ ਨੂੰ ਦੋਨੇ ਵਿਕਟ ਅਮਿਤ ਮਿਸ਼ਰਾ ਨੇ ਹਾਸਿਲ ਕਰਵਾਏ। ਅਮਿਤ ਮਿਸ਼ਰਾ ਨੇ ਜੋ ਰੂਟ ਅਤੇ ਹਮੀਦ ਨੂੰ ਪੈਵਲੀਅਨ ਦਾ ਰਾਹ ਵਿਖਾਇਆ। ਅਮਿਤ ਮਿਸ਼ਰਾ ਨੇ 10 ਓਵਰਾਂ 'ਚ 38 ਰਨ ਦੇਕੇ 2 ਵਿਕਟ ਹਾਸਿਲ ਕੀਤੇ ਹਨ। ਕਪਤਾਨ ਐਲਿਸਟਰ ਕੁੱਕ ਦਾ ਵਿਕਟ ਅਸ਼ਵਿਨ ਨੇ ਹਾਸਿਲ ਕੀਤਾ।