ਐਡੀਲੇਡ: ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਜਾਰੀ ਤਿੰਨ ਟੀ 20 ਮੈਚਾਂ ਦੀ ਲੜੀ ਦੇ ਆਖਰੀ ਮੈਚ ਵਿੱਚ ਮਹਿਜ਼ ਚਾਰ ਦੌੜਾਂ ਦੇ ਫਰਕ ਨਾਲ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੈਮਿਲਟਨ ਵਿੱਚ ਭਾਰਤ ਦੀ ਇਸ ਹਾਰ ਦੇ ਨਾਲ ਹੀ ਨਿਊਜ਼ੀਲੈਂਡ ਨੇ ਟੀ-20 ਲੜੀ 2-1 ਦੇ ਫਰਕ ਨਾਲ ਜਿੱਤ ਲਈ ਹੈ। 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ 'ਤੇ ਭਾਰਤੀ ਟੀਮ 208 ਦੌੜਾਂ 'ਤੇ ਹੀ ਸੁੰਗੜ ਗਈ।

ਇਹ ਵੀ ਪੜ੍ਹੋ- IND vs NZ: ਭਾਰਤੀ ਮਹਿਲਾ ਟੀਮ ਮਹਿਜ਼ ਦੋ ਦੌੜਾਂ ਨਾਲ ਹਾਰੀ

ਮੇਜ਼ਬਾਨ ਟੀਮ ਨੇ ਮਹਿਮਾਨ ਟੀਮ ਸਾਹਮਣੇ 213 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦਾ ਪਿੱਛਾ ਕਰਨ ਵਿੱਚ ਭਾਰਤ ਨਾਕਾਮ ਰਿਹਾ। ਮੇਜ਼ਬਾਨ ਟੀਮ ਨੇ ਭਾਰਤ ਦੇ ਪਹਿਲਾਂ ਗੇਂਦਬਾਜ਼ੀ ਦੇ ਫੈਸਲੇ ਦਾ ਖ਼ੂਬ ਲਾਹਾ ਚੁੱਕਿਆ ਤੇ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਬਣਾਈਆਂ। ਭਾਰਤ ਨੇ ਟੀਚੇ ਦਾ ਪਿੱਛਾ ਕਰਨ ਦੀ ਸ਼ੁਰੂਆਤ ਹੀ ਬੇਹੱਦ ਮਾੜੀ ਰਹੀ। ਪਹਿਲੇ ਹੀ ਓਵਰ ਵਿੱਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ।

ਕਪਤਾਨ ਰੋਹਿਤ ਸ਼ਰਮਾ ਤੇ ਵਿਜੇ ਸ਼ੰਕਰ ਨੇ ਭਾਰਤੀ ਪਾਰੀ ਨੂੰ ਕੁਝ ਸੰਭਾਲਿਆ ਪਰ ਬਹੁਤੀ ਦੇਰ ਕ੍ਰੀਜ਼ 'ਤੇ ਟਿਕ ਨਾ ਸਕੇ। ਸ਼ਰਮਾ ਤੇ ਸ਼ੰਕਰ ਨੇ ਕ੍ਰਮਵਾਰ 38 ਤੇ 43 ਦੌੜਾਂ ਬਣਾਈਆਂ। ਰਿਸ਼ਭ ਪੰਤ ਤੇ ਹਾਰਦਿਕ ਪਾਂਡਿਆ ਵੀ ਕ੍ਰਮਵਾਰ 28 ਤੇ 21 ਦੌੜਾਂ ਬਾਅਦ ਚੱਲਦੇ ਬਣੇ। ਸਾਬਕਾ ਕਪਤਾਨ ਤੇ ਵਿਕਟ ਕੀਪਰ ਮਹੇਂਦਰ ਸਿੰਘ ਧੋਨੀ ਵੀ ਦੋ ਦੌੜਾਂ ਬਣਾ ਕੇ ਆਊਟ ਹੋ ਗਏ।

ਸਬੰਧਤ ਖ਼ਬਰ- ਭਾਰਤ ਨੇ ਮੋੜੀ ਨਿਊਜ਼ੀਲੈਂਡ ਦੀ ਭਾਜੀ, ਦੂਜੇ ਟੀ-20 'ਚ ਸੱਤ ਵਿਕਟਾਂ ਨਾਲ ਦਿੱਤੀ ਮਾਤ

ਹਾਲਾਂਕਿ, ਦਿਨੇਸ਼ ਕਾਰਤਿਕ ਤੇ ਕਰੁਨਾਲ ਪਾਂਡਿਆ ਨੇ ਆਖਰੀ ਦਮ ਤਕ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ ਪਰ ਮੈਚ ਆਪਣੇ ਹੱਕ ਵਿੱਚ ਕਰਨ ਤੋਂ ਖੁੰਝ ਗਏ। ਬਿਲਕੁਲ ਮਾਮੂਲੀ ਜਿਹੇ ਫਰਕ ਨਾਲ 20ਵੇਂ ਓਵਰ ਦੀ ਆਖਰੀ ਗੇਂਦ ਤਕ ਟੀਮ ਨੇ 208 ਦੌੜਾਂ ਹੀ ਬਣਾਈਆਂ। ਅਜਿਹੇ ਵਿੱਚ ਨਿਊਜ਼ੀਲੈਂਡ ਨੇ ਮੈਚ ਚਾਰ ਵਿਕਟਾਂ ਨਾਲ ਜਿੱਤ ਲਿਆ। ਉੱਧਰ, ਭਾਰਤੀ ਮਹਿਲਾਵਾਂ ਪੱਲੇ ਵੀ ਨਿਰਾਸ਼ਾ ਹੀ ਪਈ। ਮੁਟਿਆਰਾਂ ਨੂੰ ਵੀ ਦੋ ਦੌੜਾਂ ਦੇ ਮਾਮੂਲੀ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।