ਚੰਡੀਗੜ੍ਹ: ਫ਼ਰਜ਼ੀ ਖ਼ਬਰਾਂ ਸਬੰਧੀ ਇਲਜ਼ਾਮਾਂ ਵਿੱਚ ਘਿਰੇ ਵ੍ਹੱਟਸਐਪ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤ ਦੇ ਸਿਆਸੀ ਦਲ ਇਸ ਪਲੇਟਫਾਰਮ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ। ਵ੍ਹੱਟਸਐਪ ਨੇ ਸਿਆਸੀ ਦਲਾਂ ਨੂੰ ਉਨ੍ਹਾਂ ਦੇ ਖ਼ਾਤੇ ਬੈਨ ਕਰਨ ਦੀ ਚੇਤਾਵਨੀ ਦਿੱਤੀ ਹੈ। ਕੰਪਨੀ ਨੇ ਕਮਿਊਨੀਕੇਸ਼ਨ ਮੁਖੀ ਕਾਰਲ ਵੂਗ ਨੇ ਇਹ ਦਾਅਵਾ ਕੀਤਾ ਪਰ ਅਜਿਹਾ ਕਰਨ ਵਾਲੀਆਂ ਪਾਰਟੀਆਂ ਦੇ ਨਾਂ ਦੱਸਣ ਤੋਂ ਕਿਨਾਰਾ ਕਰ ਲਿਆ। ਇਹ ਵੀ ਨਹੀਂ ਦੱਸਿਆ ਕਿ ਆਖ਼ਰ ਦੁਰਉਪਯੋਗ ਕਿਵੇਂ ਕੀਤਾ ਜਾ ਰਿਹਾ ਹੈ।


ਵੂਗ ਨੇ ਦੱਸਿਆ ਕਿ ਕਈ ਸਿਆਸੀ ਦਲ ਵ੍ਹੱਟਸਐਪ ਦਾ ਉਸ ਤਰੀਕੇ ਨਾਲ ਇਸਤੇਮਾਲ ਕਰ ਰਹੇ ਹਨ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਵ੍ਹੱਟਸਐਪ ਦਾ ਦੁਰਉਪਯੋਗ ਹੋ ਰਿਹਾ ਹੈ। ਅਜਿਹੇ ਲੋਕਾਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਸਿਆਸੀ ਪਾਰਟੀਆਂ ਨੂੰ ਚੰਗੀ ਤਰ੍ਹਾਂ ਦੱਸਿਆ ਹੈ ਕਿ ਵ੍ਹੱਟਸਐਪ ਨਾ ਤਾਂ ਬ੍ਰਾਡਕਾਸਟ ਪਲੇਟਫਾਰਮ ਹੈ ਤੇ ਨਾ ਹੀ ਵੱਡੇ ਪੈਮਾਨੇ ’ਤੇ ਮੈਸੇਜ ਭੇਜਣ ਦਾ ਜ਼ਰੀਆ। ਉਨ੍ਹਾਂ ਕਿਹਾ ਕਿ ਆਟੋਮੈਟਿਕ ਰੋਬੋਟਿਕ ਵਿਹਾਰ ਕਰਨ ਵਾਲੇ ਖ਼ਾਤਿਆਂ ਨੂੰ ਬੰਦ ਕਰ ਦਿੱਤਾ ਜਾਏਗਾ ਭਾਵੇਂ ਉਸ ਦਾ ਕੋਈ ਵੀ ਮਕਸਦ ਕਿਉਂ ਨਾ ਹੋਏ। ਉਨ੍ਹਾਂ ਸਪਸ਼ਟ ਕੀਤਾ ਕਿ ਵ੍ਹੱਟਸਐਪ ਸਿਰਫ ਨਿੱਜੀ ਗੱਲਬਾਤ ਲਈ ਹੈ।