ਮੋਹਾਲੀ - ਟੀਮ ਇੰਡੀਆ ਨੇ ਚੰਗੀ ਬੱਲੇਬਾਜ਼ੀ ਅਤੇ ਦਮਦਾਰ ਗੇਂਦਬਾਜ਼ੀ ਦੇ ਆਸਰੇ ਮੋਹਾਲੀ ਟੈਸਟ ਨੂੰ ਤੀਜੇ ਦਿਨ ਦਾ ਖੇਡ ਖਤਮ ਹੋਣ ਤਕ ਅੰਤ ਦੇ ਨੇੜੇ ਪਹੁੰਚਾ ਦਿੱਤਾ ਹੈ। ਇੰਗਲੈਂਡ ਦੀ ਟੀਮ ਨੇ ਦਿਨ ਦਾ ਖੇਡ ਖਤਮ ਹੋਣ ਤਕ 4 ਵਿਕਟ ਗਵਾ ਕੇ 78 ਰਨ ਬਣਾਏ ਸਨ। ਟੀਮ ਇੰਡੀਆ ਕੋਲ ਅਜੇ ਵੀ 56 ਰਨ ਦੀ ਲੀਡ ਹਾਸਿਲ ਹੈ। 

  

 

ਇੰਗਲੈਂਡ - 78/4 

 

ਟੀਮ ਇੰਡੀਆ ਦੇ ਟੇਲ ਐਂਡਰਸ ਤੋਂ ਪਰੇਸ਼ਾਨ ਹੋਈ ਇੰਗਲੈਂਡ ਦੀ ਟੀਮ ਨੂੰ ਭਾਰਤੀ ਗੇਂਦਬਾਜ਼ਾਂ ਨੇ ਵੀ ਮੈਦਾਨ 'ਤੇ ਟਿਕਣ ਦਾ ਮੌਕਾ ਨਹੀਂ ਦਿੱਤਾ। ਇੰਗਲੈਂਡ ਦੀ ਟੀਮ ਨੂੰ ਜੋ ਰੂਟ ਅਤੇ ਐਲਿਸਟਰ ਕੁੱਕ ਨੇ ਖੇਡ ਦੇ ਸ਼ੁਰੂਆਤੀ 13 ਓਵਰਾਂ ਤਕ ਝਟਕਾ ਨਹੀਂ ਲੱਗਣ ਦਿੱਤਾ। ਪਰ ਮੈਚ ਦੇ 14ਵੇਂ ਓਵਰ ਦੀ ਆਖਰੀ ਗੇਂਦ 'ਤੇ ਕੁੱਕ 12 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਜਲਦੀ ਹੀ ਮੋਈਨ ਅਲੀ ਵੀ 5 ਰਨ ਬਣਾ ਕੇ ਅਸ਼ਵਿਨ ਦੀ ਗੇਂਦ 'ਤੇ ਆਊਟ ਹੋ ਗਏ। ਇਸਤੋਂ ਬਾਅਦ ਬੇਅਰਸਟੋ (15) ਅਤੇ ਸਟੋਕਸ (5) ਵੀ ਆਪਣੇ ਵਿਕਟ ਗਵਾ ਬੈਠੇ। 

  

 

ਅਸ਼ਵਿਨ ਨੇ ਝਟਕੇ 3 ਵਿਕਟ 

 

ਟੀਮ ਇੰਡੀਆ ਲਈ ਬੱਲੇਬਾਜ਼ੀ ਕਰਦਿਆਂ 72 ਰਨ ਦੀ ਪਾਰੀ ਖੇਡਣ ਵਾਲੇ ਅਸ਼ਵਿਨ ਨੇ ਗੇਂਦਬਾਜ਼ੀ 'ਚ ਵੀ ਕਮਾਲ ਕੀਤਾ। ਅਸ਼ਵਿਨ ਨੇ 12 ਓਵਰਾਂ 'ਚ 19 ਰਨ ਦੇਕੇ 3 ਵਿਕਟ ਝਟਕੇ। 

  

 

ਭਾਰਤ - 417 ਆਲ ਆਊਟ 

 

ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 417 ਰਨ ਦਾ ਸਕੋਰ ਖੜਾ ਕੀਤਾ। ਦੂਜੇ ਸੈਸ਼ਨ 'ਚ ਭਾਰਤੀ ਟੀਮ ਜਡੇਜਾ, ਅਸ਼ਵਿਨ ਅਤੇ ਜਯੰਤ ਯਾਦਵ ਦੇ ਅਰਧ-ਸੈਂਕੜੇਆਂ ਤੋਂ ਬਾਅਦ ਆਲ ਆਊਟ ਹੋ ਗਈ। ਇੰਗਲੈਂਡ ਦੀ ਪਹਿਲੀ ਪਾਰੀ 'ਚ ਬਣਾਏ 283 ਰਨ ਦੇ ਸਕੋਰ ਦੇ ਜਵਾਬ 'ਚ ਟੀਮ ਇੰਡੀਆ 134 ਰਨ ਦੀ ਲੀਡ ਹਾਸਿਲ ਕਰਨ 'ਚ ਕਾਮਯਾਬ ਰਹੀ।

 

ਟੀਮ ਇੰਡੀਆ ਲਈ ਜਡੇਜਾ ਨੇ ਸਭ ਤੋਂ ਵਧ 90 ਰਨ ਬਣਾਏ। ਜਡੇਜਾ ਨੇ ਟੈਸਟ ਕਰੀਅਰ ਦਾ ਆਪਣਾ ਬੈਸਟ ਸਕੋਰ ਹਾਸਿਲ ਕੀਤਾ। ਜਡੇਜਾ ਨੇ 170 ਗੇਂਦਾਂ 'ਤੇ 10 ਚੌਕੇ ਅਤੇ 1 ਛੱਕਾ ਜੜਦੇ ਹੋਏ 90 ਰਨ ਦੀ ਪਾਰੀ ਖੇਡੀ। ਜਡੇਜਾ ਤੋਂ ਅਲਾਵਾ ਜਯੰਤ ਯਾਦਵ ਨੇ ਵੀ ਟੈਸਟ ਮੈਚਾਂ 'ਚ ਆਪਣਾ ਬੈਸਟ ਸਕੋਰ ਹਾਸਿਲ ਕੀਤਾ। ਜਯੰਤ ਯਾਦਵ ਨੇ ਭਾਰਤ ਲਈ ਦੂਜਾ ਟੈਸਟ ਖੇਡਦਿਆਂ ਕਰੀਅਰ ਦਾ ਪਹਿਲਾ ਅਰਧ-ਸੈਂਕੜਾ ਜੜਿਆ। ਜਯੰਤ ਯਾਦਵ ਨੇ 55 ਰਨ ਦੀ ਪਾਰੀ ਖੇਡੀ। 

 

ਕਪਤਾਨ ਵਿਰਾਟ ਕੋਹਲੀ (62), ਚੇਤੇਸ਼ਵਰ ਪੁਜਾਰਾ (51) ਅਤੇ ਅਸ਼ਵਿਨ (72) ਨੇ ਵੀ ਟੀਮ ਇੰਡੀਆ ਨੂੰ ਇੰਗਲੈਂਡ ਖਿਲਾਫ ਵੱਡੀ ਲੀਡ ਹਾਸਿਲ ਕਰਨ 'ਚ ਖਾਸ ਯੋਗਦਾਨ ਪਾਇਆ। ਇੰਗਲੈਂਡ ਲਈ ਬੈਨ ਸਟੋਕਸ ਨੇ 5 ਅਤੇ ਆਦਿਲ ਰਾਸ਼ਿਦ ਨੇ 4 ਵਿਕਟ ਹਾਸਿਲ ਕੀਤੇ।