ਸਾਊਥੈਂਪਟਨ: ਕ੍ਰਿਕੇਟ ਵਿਸ਼ਵ ਕੱਪ ਦੇ 28ਵੇਂ ਮੁਕਾਬਲੇ ਵਿੱਚ ਭਾਰਤ ਨੇ ਅਫ਼ਗਾਨਿਸਤਾਨ ਨੂੰ 225 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਅੱਠ ਵਿਕਟਾਂ ਗੁਆ ਕੇ 50 ਓਵਰਾਂ ਵਿੱਚ 224 ਦੌੜਾਂ ਬਣਾਈਆਂ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਸਫਲ ਨਹੀਂ ਸਾਬਤ ਹੋਇਆ।


ਇੱਥੋਂ ਦੇ ਰੋਜ਼ ਬਾਊਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਮੈਚ ਵਿੱਚ ਭਾਰਤੀ ਬੱਲੇਬਾਜ਼ਾਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਨਹੀਂ ਕੀਤਾ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸਿਰਫ ਇੱਕ ਦੌੜ ਹੀ ਬਣਾ ਸਕੇ ਅਤੇ ਅੱਧੀ ਟੀਮ ਦਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਵਿਰਾਟ ਕੋਹਲੀ ਤੇ ਕੇਦਾਰ ਜਾਧਵ ਨੇ ਕ੍ਰਮਵਾਰ 67 ਤੇ 52 ਦੌੜਾਂ ਬਣਾ ਕੇ ਟੀਮ ਦੀ ਹਾਲਤ ਵਿੱਚ ਕੁਝ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ।


ਵਿਕੇਟਕੀਪਰ ਮਹੇਂਦਰ ਸਿੰਘ ਧੋਨੀ ਨੇ 28, ਵਿਜੇ ਸ਼ੰਕਰ 29 ਅਤੇ ਲੋਕੇਸ਼ ਰਾਹੁਲ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਅਫ਼ਗਾਨਿਸਤਾਨ ਛੇ ਗੇਂਦਬਾਜ਼ਾਂ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ ਤੇ ਹਰ ਖਿਡਾਰੀ ਨੇ ਘੱਟੋ-ਘੱਟ ਇੱਕ ਵਿਕਟ ਹਾਸਲ ਕੀਤੀ। ਕਪਤਾਨ ਗੁਲਬਦਿਨ ਨਾਇਬ ਅਤੇ ਮੁਹੰਮਦ ਨਬੀ ਨੇ ਦੋ-ਦੋ ਅਤੇ ਮੁਜੀਬ ਉਰ ਰਹਿਮਾਨ, ਆਫ਼ਤਾਬ ਆਲਮ, ਰਸ਼ੀਦ ਖ਼ਾਨ ਤੇ ਰਹਿਮਤ ਸ਼ਾਹ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

ਮੈਚ ਵਿੱਚ ਵਾਪਸੀ ਕਰਨ ਦਾ ਪੂਰਾ ਦਾਰੋਮਦਾਰ ਹੁਣ ਭਾਰਤੀ ਗੇਂਦਬਾਜ਼ਾਂ 'ਤੇ ਹੈ। ਜੇਕਰ ਗੇਂਦਬਾਜ਼ ਹੌਲੀ ਪਿੱਚ ਦਾ ਲਾਹਾ ਲੈਣ ਵਿੱਚ ਸਫਲ ਰਹੇ ਤਾਂ ਆਪਣੀ ਜੇਤੂ ਲੈਅ ਬਰਕਰਾਰ ਰੱਖ ਸਕਦੇ ਹਨ, ਨਹੀਂ ਤਾਂ ਭਾਰਤੀ ਟੀਮ ਵਿਸ਼ਵ ਕੱਪ ਦੇ 5ਵੇਂ ਮੁਕਾਬਲੇ ਵਿੱਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।