ਕੋਲਕਾਤਾ - ਟੀਮ ਇੰਡੀਆ ਨੇ ਕੋਲਕਾਤਾ ਟੈਸਟ ਦੇ ਤੀਜੇ ਦਿਨ ਨਿਊਜ਼ੀਲੈਂਡ ਦੀ ਪਹਿਲੀ ਪਾਰੀ 204 ਰਨ 'ਤੇ ਸਮੇਟ ਦਿੱਤੀ। ਟੀਮ ਇੰਡੀਆ ਨੂੰ ਦਮਦਾਰ ਗੇਂਦਬਾਜ਼ੀ ਸਦਕਾ ਪਹਿਲੀ ਪਾਰੀ 'ਚ 112 ਰਨ ਦੀ ਲੀਡ ਹਾਸਿਲ ਹੋਈ। 

  

 

ਨਿਊਜ਼ੀਲੈਂਡ 204 ਰਨ 'ਤੇ ਆਲ ਆਊਟ 

 

ਟੀਮ ਇੰਡੀਆ ਦੇ 316 ਰਨ ਦੇ ਸਨਮਾਨਜਨਕ ਸਕੋਰ 'ਤੇ ਆਲ ਆਊਟ ਹੋਣ ਤੋਂ ਬਾਅਦ ਕੀਵੀ ਟੀਮ ਨੇ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਦਿਆਂ ਨਿਰਾਸ਼ਾਜਨਕ ਖੇਡ ਵਿਖਾਈ। ਲੈਥਮ (1), ਗਪਟਿਲ (13) ਅਤੇ ਨਿਕੋਲਸ (1) ਆਪਣੇ ਵਿਕਟ 23 ਰਨ ਦੇ ਸਕੋਰ ਤਕ ਹੀ ਗਵਾ ਚੁੱਕੇ ਸਨ। ਕਪਤਾਨ ਰੌਸ ਟੇਲਰ ਨੇ ਰੌਂਚੀ ਨਾਲ ਮਿਲਕੇ ਚੌਥੇ ਵਿਕਟ ਲਈ 62 ਰਨ ਜੋੜੇ। ਸਕੋਰ 85 ਰਨ 'ਤੇ ਪਹੁੰਚਿਆ ਤਾਂ ਰੌਂਚੀ (35) ਆਪਣਾ ਵਿਕਟ ਗਵਾ ਬੈਠੇ। ਇਸਤੋਂ ਠੀਕ ਬਾਅਦ ਮੀਂਹ ਨੇ ਅੜਿੱਕਾ ਪਾਇਆ ਅਤੇ  ਮੈਚ ਰੋਕਣਾ ਪਿਆ। ਪਰ ਇਸਤੋਂ ਬਾਅਦ ਜਦ ਮੈਚ ਸ਼ੁਰੂ ਹੋਇਆ ਤਾਂ ਭਾਰਤੀ ਗੇਂਦਬਾਜ਼ਾਂ ਨੇ ਕੀਵੀ ਬੱਲੇਬਾਜਾਂ ਨੂੰ ਖੂਬ ਪਰੇਸ਼ਾਨ ਕੀਤਾ ਅਤੇ ਜਲਦੀ ਹੀ ਟੇਲਰ (36), ਸੈਂਟਨਰ (11) ਅਤੇ ਹੈਨਰੀ (0) ਵੀ ਆਊਟ ਹੋ ਗਏ। ਕੀਵੀ ਟੀਮ ਨੇ ਦੂਜੇ ਦਿਨ ਦਾ ਖੇਡ 128 ਰਨ 'ਤੇ 7 ਵਿਕਟਾਂ ਗਵਾ ਕੇ ਖਤਮ ਕੀਤਾ। ਮੈਚ ਦੇ ਤੀਜੇ ਦਿਨ ਜਤਿਨ ਪਟੇਲ ਅਤੇ ਬੀ.ਜੇ. ਵਾਟਲਿੰਗ ਨੇ ਮਿਲਕੇ ਨਿਊਜ਼ੀਲੈਂਡ ਨੂੰ ਚੰਗੀ ਸ਼ੁਰੂਆਤ ਦਿੱਤੀ। ਦੋਨੇ ਬੱਲੇਬਾਜ਼ਾਂ ਨੇ ਮਿਲਕੇ ਕੀਵੀ ਟੀਮ ਨੂੰ 182 ਰਨ ਤਕ ਪਹੁੰਚਾਇਆ। 8ਵੇਂ ਵਿਕਟ ਲਈ 60 ਰਨ ਦੀ ਪਾਰਟਨਰਸ਼ਿਪ ਕਰਨ ਤੋਂ ਬਾਅਦ ਪਟੇਲ 47 ਰਨ ਬਣਾ ਕੇ ਆਊਟ ਹੋ ਗਏ। ਇਸਤੋਂ ਬਾਅਦ ਨਿਊਜ਼ੀਲੈਂਡ ਦੀ ਪੂਰੀ ਟੀਮ 204 ਰਨ 'ਤੇ ਆਲ ਆਊਟ ਹੋ ਗਈ।

  

 

ਭੁਵਨੇਸ਼ਵਰ-ਸ਼ਮੀ ਦਾ ਕਮਾਲ 

 

ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ ਦਮਦਾਰ ਗੇਂਦਬਾਜ਼ੀ ਕਰਦਿਆਂ 5 ਵਿਕਟ ਝਟਕੇ। ਮੋਹੰਮਦ ਸ਼ਮੀ ਨੂੰ 3 ਵਿਕਟ ਹਾਸਿਲ ਹੋਏ। ਅਸ਼ਵਿਨ ਅਤੇ ਜਡੇਜਾ ਨੇ ਕੀਵੀ ਟੀਮ ਦਾ 1-1 ਵਿਕਟ ਹਾਸਿਲ ਕੀਤਾ।