ਕੋਲਕਾਤਾ - ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਕੋਲਕਾਤਾ ਟੈਸਟ ਦੇ ਦੂਜੇ ਦਿਨ ਦਾ ਖੇਡ ਖਤਮ ਹੁੰਦੇ-ਹੁੰਦੇ ਆਪਣੀ ਸਥਿਤੀ ਬੇਹਦ ਮਜਬੂਤ ਬਣਾ ਲਈ। ਟੀਮ ਇੰਡੀਆ ਨੇ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਕੀਵੀ ਟੀਮ ਦੇ 128 ਰਨ 'ਤੇ 7 ਵਿਕਟ ਹਾਸਿਲ ਕਰ ਲਏ ਸਨ। ਭੁਵਨੇਸ਼ਵਰ ਕੁਮਾਰ ਦੀ ਦਮਦਾਰ ਗੇਂਦਬਾਜ਼ੀ ਸਾਹਮਣੇ ਕੀਵੀ ਟੀਮ ਦੀ ਇੱਕ ਨਾ ਚੱਲੀ ਅਤੇ ਦੂਜੇ ਦਿਨ ਨਿਊਜ਼ੀਲੈਂਡ ਦੇ ਬੱਲੇਬਾਜ ਫਿੱਕੇ ਸਾਬਿਤ ਹੋਏ।
ਭਾਰਤ - 316 ਆਲ ਆਊਟ
ਟੀਮ ਇੰਡੀਆ ਨੇ ਇਸ ਮੈਚ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਰ ਕਪਤਾਨ ਵਿਰਾਟ ਕੋਹਲੀ ਦਾ ਇਹ ਫੈਸਲਾ ਗਲਤ ਸਾਬਿਤ ਹੋਇਆ। ਧਵਨ (1), ਮੁਰਲੀ ਵਿਜੈ (9) ਅਤੇ ਵਿਰਾਟ ਕੋਹਲੀ (9) ਜਲਦੀ ਹੀ ਆਪਣੇ ਵਿਕਟ ਗਵਾ ਕੇ ਪੈਵਲੀਅਨ ਪਰਤ ਗਏ। ਟੀਮ ਇੰਡੀਆ ਨੇ 46 ਰਨ 'ਤੇ 3 ਵਿਕਟ ਗਵਾ ਦਿੱਤੇ ਸਨ। ਫਿਰ ਚੇਤੇਸ਼ਵਰ ਪੁਜਾਰਾ ਨੇ ਅਜਿੰਕਿਆ ਰਹਾਣੇ ਨਾਲ ਮਿਲਕੇ ਭਾਰਤੀ ਪਾਰੀ ਨੂੰ ਸੰਭਾਲਿਆ। ਦੁਆਇਆ ਬੱਲੇਬਾਜ਼ਾਂ ਨੇ ਮਿਲਕੇ ਚੌਥੇ ਵਿਕਟ ਲਈ 141 ਰਨ ਦੀ ਪਾਰਟਨਰਸ਼ਿਪ ਕੀਤੀ। ਪੁਜਾਰਾ 87 ਰਨ ਬਣਾ ਕੇ ਆਊਟ ਹੋਏ। ਰਹਾਣੇ ਨੇ 77 ਰਨ ਦਾ ਯੋਗਦਾਨ ਪਾਇਆ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤੋਂ ਪਹਿਲਾਂ ਰੋਹਿਤ ਸ਼ਰਮਾ (2) ਅਤੇ ਰਵੀਚੰਦਰਨ ਅਸ਼ਵਿਨ (26) ਵੀ ਆਪਣੇ ਵਿਕਟ ਗਵਾ ਬੈਠੇ। ਦੂਜੇ ਦਿਨ ਸਾਹਾ ਨੇ 54 ਰਨ ਦੀ ਨਾਬਾਦ ਪਾਰੀ ਖੇਡ ਭਾਰਤ ਨੂੰ 300 ਰਨ ਦੇ ਪਾਰ ਪਹੁੰਚਾਇਆ। ਸਾਹਾ ਨੇ ਸ਼ਮੀ ਨਾਲ ਮਿਲਕੇ 10ਵੇਂ ਵਿਕਟ ਲਈ 35 ਰਨ ਦੀ ਪਾਰਟਨਰਸ਼ਿਪ ਕੀਤੀ। ਟੀਮ ਇੰਡੀਆ ਪਹਿਲੀ ਪਾਰੀ 'ਚ 316 ਰਨ 'ਤੇ ਆਲ ਆਊਟ ਹੋ ਗਈ।
ਨਿਊਜ਼ੀਲੈਂਡ - 128/7
ਟੀਮ ਇੰਡੀਆ ਦੇ ਸਨਮਾਨਜਨਕ ਸਕੋਰ 'ਤੇ ਆਲ ਆਊਟ ਹੋਣ ਤੋਂ ਬਾਅਦ ਕੀਵੀ ਟੀਮ ਨੇ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਦਿਆਂ ਨਿਰਾਸ਼ਾਜਨਕ ਖੇਡ ਵਿਖਾਈ। ਲੈਥਮ (1), ਗਪਟਿਲ (13) ਅਤੇ ਨਿਕੋਲਸ (1) ਆਪਣੇ ਵਿਕਟ 23 ਰਨ ਦੇ ਸਕੋਰ ਤਕ ਹੀ ਗਵਾ ਚੁੱਕੇ ਸਨ। ਕਪਤਾਨ ਰੌਸ ਟੇਲਰ ਨੇ ਰੌਂਚੀ ਨਾਲ ਮਿਲਕੇ ਚੌਥੇ ਵਿਕਟ ਲਈ 62 ਰਨ ਜੋੜੇ। ਸਕੋਰ 85 ਰਨ 'ਤੇ ਪਹੁੰਚਿਆ ਤਾਂ ਰੌਂਚੀ (35) ਆਪਣਾ ਵਿਕਟ ਗਵਾ ਬੈਠੇ। ਇਸਤੋਂ ਠੀਕ ਬਾਅਦ ਮੀਂਹ ਨੇ ਅੜਿੱਕਾ ਪਾਇਆ ਅਤੇ ਮੈਚ ਰੋਕਣਾ ਪਿਆ। ਪਰ ਇਸਤੋਂ ਬਾਅਦ ਜਦ ਮੈਚ ਸ਼ੁਰੂ ਹੋਇਆ ਤਾਂ ਭਾਰਤੀ ਗੇਂਦਬਾਜ਼ਾਂ ਨੇ ਕੀਵੀ ਬੱਲੇਬਾਜਾਂ ਨੂੰ ਖੂਬ ਪਰੇਸ਼ਾਨ ਕੀਤਾ ਅਤੇ ਜਲਦੀ ਹੀ ਟੇਲਰ (36), ਸੈਂਟਨਰ (11) ਅਤੇ ਹੈਨਰੀ (0) ਵੀ ਆਊਟ ਹੋ ਗਏ। ਕੀਵੀ ਟੀਮ ਨੇ ਦਿਨ ਦਾ ਖੇਡ 128 ਰਨ 'ਤੇ 7 ਵਿਕਟਾਂ ਗਵਾ ਕੇ ਖਤਮ ਕੀਤਾ। ਟੀਮ ਇੰਡੀਆ ਕੋਲ ਅਜੇ 188 ਰਨ ਦੀ ਲੀਡ ਹਾਸਿਲ ਹੈ।
ਭੁਵਨੇਸ਼ਵਰ ਕੁਮਾਰ ਦਾ ਕਮਾਲ
ਟੀਮ ਇੰਡੀਆ ਲਈ ਭੁਵਨੇਸ਼ਵਰ ਕੁਮਾਰ ਸਭ ਤੋਂ ਸਫਲ ਗੇਂਦਬਾਜ਼ ਬਣ ਕੇ ਉਭਰੇ। ਭੁਵਨੇਸ਼ਵਰ ਕੁਮਾਰ ਨੇ 10 ਓਵਰਾਂ 'ਚ 33 ਰਨ ਦੇਕੇ 5 ਵਿਕਟ ਝਟਕੇ।