ਮੋਹਾਲੀ - ਟੀਮ ਇੰਡੀਆ ਨੇ ਮੋਹਾਲੀ ਟੈਸਟ 'ਚ ਇੰਗਲੈਂਡ ਨੂੰ 283 ਰਨ 'ਤੇ ਆਲ ਆਊਟ ਕਰਨ ਤੋਂ ਬਾਅਦ ਬੱਲੇਬਾਜ਼ੀ 'ਚ ਵੀ ਚੰਗੀ ਸ਼ੁਰੂਆਤ ਕੀਤੀ ਹੈ। ਭਾਰਤੀ ਟੀਮ ਨੇ ਲੰਚ ਵੇਲੇ ਤਕ 1 ਵਿਕਟ ਗਵਾ ਕੇ 60 ਰਨ ਬਣਾ ਲਏ ਸਨ।
ਪਾਰਥੀਵ ਪਟੇਲ ਦਾ ਕਮਬੈਕ
ਟੀਮ ਇੰਡੀਆ ਲਈ ਕਮਬੈਕ ਕਰ ਰਹੇ ਪਾਰਥੀਵ ਪਟੇਲ ਨੇ ਟੀਮ ਇੰਡੀਆ ਨੂੰ ਚੰਗੀ ਸ਼ੁਰੂਆਤ ਕਰਨ 'ਚ ਮਦਦ ਕੀਤੀ। ਪਟੇਲ ਨੇ ਮੁਰਲੀ ਵਿਜੈ ਨਾਲ ਮਿਲਕੇ ਭਾਰਤੀ ਟੀਮ ਨੂੰ 39 ਰਨ ਤਕ ਪਹੁੰਚਾਇਆ। ਪਰ ਫਿਰ ਮੁਰਲੀ ਵਿਜੈ 12 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਇਸਤੋਂ ਬਾਅਦ ਪਟੇਲ ਨੇ ਪੁਜਾਰਾ ਨਾਲ ਮਿਲਕੇ ਲੰਚ ਵੇਲੇ ਤਕ ਟੀਮ ਨੂੰ ਹੋਰ ਝਟਕਾ ਨਹੀਂ ਲੱਗਣ ਦਿੱਤਾ। ਲੰਚ ਵੇਲੇ ਤਕ ਪੁਜਾਰਾ 8 ਰਨ ਅਤੇ ਪਟੇਲ 37 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।
ਪੇਸ ਤੇ ਫਿਰਕੀ ਹਿਟ
ਇੰਗਲੈਂਡ ਦੀ ਟੀਮ ਨੂੰ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਤੇ ਫਿਰਕੀਬਾਜਾਂ ਨੇ ਖੂਬ ਪਰੇਸ਼ਾਨ ਕੀਤਾ। ਟੀਮ ਇੰਡੀਆ ਲਈ ਪਹਿਲੀ ਪਾਰੀ ਦੌਰਾਨ ਮੋਹੰਮਦ ਸ਼ਮੀ ਨੇ ਸਭ ਤੋਂ ਵਧ 3 ਵਿਕਟ ਝਟਕੇ। ਉਮੇਸ਼ ਯਾਦਵ, ਜਯੰਤ ਯਾਦਵ ਅਤੇ ਰਵਿੰਦਰ ਜਡੇਜਾ ਨੂੰ 2-2 ਵਿਕਟ ਹਾਸਿਲ ਹੋਏ।