ਤਾਰੀਖ਼ - 24 ਸਤੰਬਰ 

ਸਾਲ - 2007 

ਮੈਦਾਨ - ਜੋਹਾਨਸਬਰਗ 

ਮੈਚ - ਭਾਰਤ ਬਨਾਮ ਪਾਕਿਸਤਾਨ 

ਟੀ-20 ਵਰਲਡ ਕੱਪ ਫਾਈਨਲ 

  

ਭਾਰਤ ਦੀ ਇਤਿਹਾਸਿਕ ਜਿੱਤ 

 

24 ਸਤੰਬਰ ਸਾਲ 2007 ਦਾ ਟੀ-20 ਵਰਲਡ ਕੱਪ ਫ਼ਾਈਨਲ ਮੁਕਾਬਲਾ ਕਿਸੇ ਲਈ ਵੀ ਭੁਲਾਉਣਾ ਮੁਸ਼ਕਿਲ ਹੈ। ਇਹ ਵਿਸ਼ਵ ਕੱਪ ਰੋਮਾਂਚ ਨਾਲ ਭਰਪੂਰ ਸੀ ਅਤੇ ਵਿਸ਼ਵ ਕੱਪ ਦਾ ਫਾਈਨਲ ਵੀ ਬੇਹਦ ਰੋਮਾਂਚਕ ਸਾਬਿਤ ਹੋਇਆ। 

ਦਿਲ ਦੀਆਂ ਧੜਕਨਾਂ ਨੂੰ ਵਧਾ ਦੇਣ ਵਾਲੇ ਇਸ ਫਾਈਨਲ 'ਚ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ ਸੀ। 

  

 

ਭਾਰਤ ਨੇ ਜਿੱਤਿਆ ਟਾਸ, ਬੱਲੇਬਾਜ਼ੀ ਦਾ ਫੈਸਲਾ 

 

ਖਿਤਾਬੀ ਮੈਚ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਗੌਤਮ ਗੰਭੀਰ ਅਤੇ ਯੂਸੁਫ ਪਠਾਨ ਦੀ ਸਲਾਮੀ ਜੋੜੀ ਨੇ ਪਹਿਲੇ ਵਿਕਟ ਲਈ 25 ਦੌੜਾਂ ਜੋੜੀਆਂ, ਪਰ ਫਿਰ ਪਠਾਨ 8 ਗੇਂਦਾਂ ਤੇ 15 ਦੌੜਾਂ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਜਲਦੀ ਹੀ ਰੌਬਿਨ ਉਥੱਪਾ ਵੀ 8 ਰਨ ਬਣਾ ਕੇ ਆਉਟ ਹੋ ਗਏ। ਇੰਗਲੈਂਡ ਅਤੇ ਆਸਟ੍ਰੇਲੀਆ ਵਿਰੁਧ ਧਮਾਕਾ ਕਰਨ ਤੋਂ ਬਾਅਦ ਆਪਣੇ ਬੂਤੇ ਭਾਰਤ ਨੂੰ ਫਾਈਨਲ ਦਾ ਟਿਕਟ ਹਾਸਿਲ ਕਰਵਾਉਣ ਵਾਲੇ ਯੁਵਰਾਜ ਸਿੰਘ ਵੀ ਪਾਕਿਸਤਾਨ ਦੇ ਗੇਂਦਬਾਜਾਂ ਖਿਲਾਫ ਕੋਈ ਵੱਡਾ ਕਮਾਲ ਨਹੀਂ ਕਰ ਸਕੇ ਅਤੇ 19 ਗੇਂਦਾਂ ਤੇ ਸਿਰਫ 14 ਰਨ ਬਣਾ ਕੇ ਆਉਟ ਹੋ ਗਏ। ਪਰ ਜਦ ਯੁਵੀ ਮੈਦਾਨ ਤੇ  ਗੰਭੀਰ ਦੇ ਬੱਲੇ ਤੋਂ ਰਨ ਬਰਸਦੇ ਰਹੇ ਅਤੇ ਗੰਭੀਰ ਨੇ ਯੁਵੀ ਨਾਲ ਮਿਲਕੇ ਤੀਜੇ ਵਿਕਟ ਲਈ 63 ਦੌੜਾਂ ਦੀ ਪਾਰਟਨਰਸ਼ਿਪ ਕੀਤੀ। ਯੁਵੀ ਤੋਂ ਬਾਅਦ ਧੋਨੀ ਵੀ ਸਿਰਫ 6 ਰਨ ਬਣਾ ਕੇ ਪਵਿਲੀਅਨ ਪਰਤ ਗਏ। ਮੈਚ ਦੇ 18ਵੇਂ ਓਵਰ ਦੀ ਆਖਰੀ ਗੇਂਦ ਤੇ ਗੰਭੀਰ ਦਾ ਵਿਕਟ ਡਿੱਗਿਆ ਅਤੇ ਉਸ ਵੇਲੇ ਭਾਰਤ ਦਾ ਸਕੋਰ 130 ਦੌੜਾਂ ਤੇ ਪਹੁੰਚਿਆ ਸੀ। ਗੰਭੀਰ ਨੇ 54 ਗੇਂਦਾਂ ਤੇ 75 ਦੌੜਾਂ ਦੀ ਦਮਦਾਰ ਪਾਰੀ ਖੇਡੀ। 

 

ਆਖਰੀ 2 ਓਵਰਾਂ ਦੌਰਾਨ ਰੋਹਿਤ ਸ਼ਰਮਾ ਨੇ ਚੌਕੇ-ਛੱਕੇ ਲਗਾ ਕੇ ਭਾਰਤ ਨੂੰ 20 ਓਵਰਾਂ ਤੋਂ ਬਾਅਦ 157 ਦੌੜਾਂ ਦੇ ਸਨਮਾਨਜਨਕ ਸਕੋਰ ਤਕ ਪਹੁੰਚਾ ਦਿੱਤਾ। 

  

 

ਪਾਕਿਸਤਾਨ ਦੀ ਕਮਜ਼ੋਰ ਸ਼ੁਰੂਆਤ 

 

ਟੀਮ ਇੰਡੀਆ ਦੇ ਸਨਮਾਨਜਨਕ ਸਕੋਰ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਬੇਹਦ ਖਰਾਬ ਰਹੀ। ਮੋਹੰਮਦ ਹਫੀਜ਼ (1) ਅਤੇ ਕਾਮਰਾਨ ਅਕਮਲ (0) ਜਲਦੀ ਹੀ ਆਉਟ ਹੋ ਗਏ। ਇਮਰਾਨ ਨਜ਼ੀਰ ਨੇ ਕੁਝ ਚੰਗੇ ਸ਼ਾਟ ਖੇਡੇ ਪਰ ਫਿਰ 28 ਗੇਂਦਾਂ ਤੇ 33 ਦੌੜਾਂ ਬਣਾਉਣ ਤੋਂ ਬਾਅਦ ਨਜ਼ੀਰ ਵੀ ਆਪਣਾ ਵਿਕਟ ਗਵਾ ਬੈਠੇ। ਫਿਰ ਯੂਨਿਸ ਖਾਨ (24), ਸ਼ੋਏਬ ਮਲਿਕ (8), ਸ਼ਾਹਿਦ ਅਫਰੀਦੀ (0) ਅਤੇ ਯਾਸਿਰ ਅਰਾਫਾਤ (15) ਵੀ ਜਾਦਾ ਸਮਾਂ ਮੈਦਾਨ ਤੇ ਟਿਕ ਨਹੀਂ ਸਕੇ ਅਤੇ ਪਾਕਿਸਤਾਨ ਦੀ ਟੀਮ ਨੇ 16 ਓਵਰਾਂ ਤੋਂ ਬਾਅਦ 104 ਦੌੜਾਂ ਤੇ 7 ਵਿਕਟ ਗਵਾ ਦਿੱਤੇ ਸਨ। 

  

 

ਰੋਮਾਂਚਕ ਅੰਤ 

 

ਪਾਕਿਸਤਾਨ ਨੂੰ ਜਿੱਤ ਲਈ ਆਖਰੀ 4 ਓਵਰਾਂ 'ਚ 54 ਦੌੜਾਂ ਦੀ ਲੋੜ ਸੀ ਅਤੇ ਮੈਦਾਨ ਤੇ ਖੜੇ ਸਨ ਮਿਸਬਾਹ ਉਲ ਹੱਕ ਅਤੇ ਸੋਹੇਲ ਤਨਵੀਰ। ਦੋਨਾ ਨੇ ਮਿਲਕੇ ਜਲਦੀ ਹੀ ਚੌਕੇ-ਛੱਕੇ ਬਰਸਾਉਣੇ ਸ਼ੁਰੂ ਕਰ ਦਿੱਤੇ। ਤਨਵੀਰ 4 ਗੇਂਦਾਂ ਤੇ 12 ਦੌੜਾਂ ਬਣਾ ਕੇ ਆਉਟ ਹੋਏ ਅਤੇ ਉਸ ਵੇਲੇ ਤਕ ਪਾਕਿਸਤਾਨ ਦਾ ਸਕੋਰ 138 ਰਨ ਤੇ ਪਹੁੰਚ ਗਿਆ ਸੀ। 

  

 

ਜੋਗਿੰਦਰ ਸ਼ਰਮਾ ਦਾ ਆਖਰੀ ਓਵਰ 

 

ਮੈਚ ਦਾ ਆਖਰੀ ਓਵਰ ਧੋਨੀ ਨੇ ਜੋਗਿੰਦਰ ਸ਼ਰਮਾ ਤੋਂ ਕਰਵਾਇਆ ਅਤੇ ਇਸ ਓਵਰ 'ਚ ਪਾਕਿਸਤਾਨ ਨੂੰ ਜਿੱਤ ਲਈ 13 ਦੌੜਾਂ ਦੀ ਲੋੜ ਸੀ। ਜੋਗਿੰਦਰ ਸ਼ਰਮਾ ਨੇ ਪਹਿਲੀ ਗੇਂਦ ਵਾਈਡ ਸੁੱਟੀ ਅਤੇ ਫਿਰ ਅਗਲੀ ਗੇਂਦ ਤੇ ਕੋਈ ਰਨ ਨਹੀਂ ਬਣਿਆ। ਓਵਰ ਦੀ ਦੂਜੀ ਗੇਂਦ ਤੇ ਮਿਸਬਾਹ ਨੇ ਛੱਕਾ ਠੋਕ ਦਿੱਤਾ। ਹੁਣ ਪਾਕਿਸਤਾਨ ਨੂੰ ਜਿੱਤ ਲਈ 4 ਗੇਂਦਾਂ 'ਚ 6 ਦੌੜਾਂ ਦੀ ਲੋੜ ਸੀ। ਮੈਚ ਪਾਕਿਸਤਾਨ ਦੇ ਹੱਥ 'ਚ ਨਜਰ ਆ ਰਿਹਾ ਸੀ ਪਰ ਓਵਰ ਦੀ ਤੀਜੀ ਗੇਂਦ ਤੇ ਮਿਸਬਾਹ ਨੇ ਗਲਤ ਸ਼ਾਟ ਖੇਡਿਆ ਅਤੇ ਫਾਇਨ ਲੈਗ ਤੇ ਸ੍ਰੀਸੰਥ ਨੇ ਕੈਚ ਲਪਕ ਲਿਆ। 

ਟੀਮ ਇੰਡੀਆ ਨੇ ਮੈਚ 5 ਦੌੜਾਂ ਨਾਲ ਜਿੱਤਿਆ ਅਤੇ ਪਹਿਲਾ ਟੀ-20 ਵਰਲਡ ਕੱਪ ਆਪਣੇ ਨਾਮ ਕਰ ਲਿਆ। 

  

 

ਸਾਲ 1983 ਦੀ ਵਰਲਡ ਕੱਪ ਜਿੱਤ ਤੋਂ ਬਾਅਦ ਇਹ ਭਾਰਤ ਲਈ ਦੂਜੀ ਵੱਡੀ ਕਾਮਯਾਬੀ ਸਾਬਿਤ ਹੋਈ। ਟੀ-20 ਵਰਲਡ ਕੱਪ ਜਿੱਤ ਦਾ ਓਹ ਲਮਹਾ ਅਤੇ ਇਹ ਮੈਚ ਅੱਜ ਵੀ ਹਰ ਭਾਰਤੀ ਕ੍ਰਿਕਟ ਫੈਨ ਦੇ ਰੌਂਗਟੇ ਖੜੇ ਕਰ ਦਿੰਦਾ ਹੈ।