ਭਾਰਤ ਦਾ ਵੱਡਾ ਕਮਾਲ, 9ਵੇਂ ਓਵਰ 'ਚ ਹੀ ਜਿੱਤ ਲਿਆ ਵਨਡੇ ਮੈਚ
ਇਸ ਮੈਚ 'ਚ ਭਾਰਤੀ ਟੀਮ ਨੇ ਜ਼ਿੰਬਾਬਵੇ ਦੀ ਟੀਮ ਨੂੰ 60 ਰਨ 'ਤੇ ਢੇਰ ਕਰ ਦਿੱਤਾ। ਜ਼ਿੰਬਾਬਵੇ ਲਈ ਮੈਰੀ-ਐਨ ਮਾਸੁੰਦਾ (26) ਅਤੇ ਪਰੈਸ਼ੀਅਸ ਮਾਰਾਨਗੇ (12) ਹੀ ਦੋ ਖਿਡਾਰਨਾ ਸਨ ਜੋ ਦਹਾਈ ਦਾ ਅੰਕੜਾ ਪਾਰ ਕਰ ਪਾਈਆਂ। ਜ਼ਿੰਬਾਬਵੇ ਦੀਆਂ 9 ਖਿਡਾਰਨਾ 10 ਰਨ ਤਕ ਵੀ ਪਹੁੰਚਣ 'ਚ ਨਾਕਾਮ ਰਹੀਆਂ। ਭਾਰਤ ਲਈ ਪੂਨਮ ਯਾਦਵ ਨੇ 7.5 ਓਵਰਾਂ 'ਚ 19 ਰਨ ਦੇਕੇ 5 ਵਿਕਟ ਹਾਸਿਲ ਕੀਤੇ। ਰਾਜੇਸ਼ਵਰੀ ਗਾਇਕਵਾਡ ਨੇ 2 ਵਿਕਟ ਝਟਕੇ।
ਭਾਰਤੀ ਮਹਿਲਾ ਕ੍ਰਿਕਟ ਟੀਮ ਲਗਾਤਾਰ ਕਮਾਲ ਕਰਕੇ ਵਿਖਾ ਰਹੀ ਹੈ। ਭਾਰਤੀ ਟੀਮ ਨੇ ਸੋਮਵਾਰ ਨੂੰ ਜ਼ਿੰਬਾਬਵੇ ਖਿਲਾਫ ਖੇਡੇ ਗਏ ਵਨਡੇ ਮੈਚ 'ਚ 9 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਖਾਸ ਗੱਲ ਇਹ ਸੀ ਦੀ ਭਾਰਤੀ ਟੀਮ ਨੇ ਮੈਚ 41 ਓਵਰ ਬਾਕੀ ਰਹਿੰਦਿਆਂ ਹੀ ਜਿੱਤ ਲਿਆ।
ਭਾਰਤ - 61/1 (9 ਓਵਰ)
ਜ਼ਿੰਬਾਬਵੇ - 60 ਆਲ ਆਊਟ (28.5 ਓਵਰ)
ਭਾਰਤੀ ਟੀਮ ਨੇ 61 ਰਨ ਦਾ ਟੀਚਾ 9 ਓਵਰਾਂ 'ਚ ਹੀ ਹਾਸਿਲ ਕਰ ਲਿਆ। ਭਾਰਤ ਲਈ ਵੇਦਾ ਕ੍ਰਿਸ਼ਨਾਮੂਰਤੀ ਨੇ 16 ਗੇਂਦਾਂ 'ਤੇ 29 ਰਨ ਦੀ ਪਾਰੀ ਖੇਡੀ। ਮੋਨਾ ਮੇਸ਼ਰਾਮ 21 ਰਨ ਬਣਾ ਕੇ ਅਤੇ ਹਰਮਨਪ੍ਰੀਤ ਕੌਰ 11 ਰਨ ਬਣਾ ਕੇ ਨਾਬਾਦ ਰਹੀ। ਗੇਂਦਬਾਜ਼ੀ ਲਈ ਪੂਨਮ ਯਾਦਵ ਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ। ਇਹ ਵਨਡੇ ਮੈਚ ਕੁਲ 37.5 ਓਵਰਾਂ 'ਚ ਹੀ ਖਤਮ ਹੋ ਗਿਆ।