ਪਰਥ: ਚਾਰ ਟੈਸਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਦੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਭਾਰਤ ਨੇ ਆਸਟ੍ਰੇਲੀਆ ਵਿਰੁੱਧ ਤਿੰਨ ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾ ਲਈਆਂ ਹਨ। ਮਹਿਮਾਨ ਟੀਮ ਮੈਚ ਦੇ ਪਹਿਲੀ ਪਾਰੀ ਦੌਰਾਨ 326 ਦੌੜਾਂ ਬਣਾ ਕੇ ਹੀ ਆਊਟ ਹੋ ਗਈ ਸੀ।


ਆਪਣੀ ਪਹਿਲੀ ਪਾਰੀ ਦੀ ਸ਼ੁਰੂਆਤ ਵਿੱਚ ਭਾਰਤੀ ਬੱਲੇਬਾਜ਼ਾਂ ਦੀ ਸ਼ੁਰੂਆਤ ਮੰਦੀ ਰਹੀ। ਲੋਕੇਸ਼ ਰਾਹੁਲ (ਦੋ ਦੌੜਾਂ) ਅਤੇ ਮੁਰਲੀ ਵਿਜੇ ਬਗ਼ੈਰ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੇ 103 ਗੇਂਦਾਂ ਖੇਡ ਕੇ 24 ਦੌੜਾਂ ਦਾ ਯੋਗਦਾਨ ਪਾਇਆ ਅਤੇ ਵਿਕਟ ਨੂੰ ਕੁਝ ਠਹਿਰਾਅ ਦਿੱਤਾ।

ਅੱਗੇ ਕਪਤਾਨ ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਨੇ ਪਾਰੀ ਨੂੰ ਸੰਭਾਲਿਆ ਤੇ ਆਪੋ-ਆਪਣੇ ਅਰਧ ਸੈਂਕੜੇ ਪੂਰੇ ਕੀਤੇ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਵਿਰਾਟ ਕੋਹਲੀ 181 ਗੇਂਦਾਂ ਖੇਡ ਕੇ 82 ਦੌੜਾਂ ਬਣਾ ਚੁੱਕੇ ਸਨ ਅਤੇ ਰਹਾਣੇ ਨੇ 103 ਗੇਂਦਾਂ ਵਿੱਚ 51 ਦੌੜਾਂ 'ਤੇ ਕ੍ਰੀਜ਼ 'ਤੇ ਡਟੇ ਹੋਏ ਹਨ।

ਸਬੰਧਤ ਖ਼ਬਰ: ਜਦ ਕੋਹਲੀ ਨੇ ਉੱਡ ਕੇ ਫੜਿਆ ਕੈਚ, ਵੀਡੀਓ ਵਾਇਰਲ

ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ ਨੇ ਦੋ ਅਤੇ ਜੋਸ਼ ਹੇਜ਼ਲਵੁੱਡ ਨੇ ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਆਸਟ੍ਰੇਲੀਆਈ ਬੱਲੇਬਾਜ਼ਾਂ ਨੇ 109ਵੇਂ ਓਵਰ ਦੌਰਾਨ 326 ਦੌੜਾਂ ਬਣਾ ਲਈਆਂ ਸਨ। ਮਹਿਮਾਨ ਟੀਮ ਦੇ ਤਿੰਨ ਬੱਲੇਬਾਜ਼ ਅਰਧ ਸੈਂਕੜਾ ਬਣਾ ਕੇ ਆਊਟ ਹੋਏ ਅਤੇ ਹੋਰਨਾਂ ਨੇ ਵੀ ਆਪਣਾ ਬਣਦਾ ਯੋਗਦਾਨ ਪਾਇਆ ਹੈ। ਭਾਰਤ ਇਸ ਸੀਰੀਜ਼ ਦਾ ਪਹਿਲਾ ਮੈਚ ਜਿੱਤ ਕੇ ਲੜੀ ਵਿੱਚ ਅੱਗੇ ਬਣਿਆ ਹੋਇਆ ਹੈ ਅਤੇ ਆਸਟ੍ਰੇਲੀਆ ਦੂਜਾ ਮੈਚ ਆਪਣੇ ਨਾਂਅ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਏਗਾ।