ਮੁਹਾਲੀ: ਭਾਰਤ ਨੇ ਆਸਟ੍ਰੇਲੀਆ ਖਿਲਾਫ ਪੰਜ ਵਨਡੇਅ ਮੈਚਾਂ ਦੀ ਲੜੀ ਦੇ ਚੌਥੇ ਮੈਚ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ। ਰੋਹਿਤ ਸ਼ਰਮਾ ਸੈਂਕੜਾ ਬਣਾਉਂਦਾ-ਬਣਾਉਂਦਾ ਰਹਿ ਗਿਆ। ਉਸ ਨੂੰ 95 ਦੇ ਨਿੱਜੀ ਸਕੋਰ ’ਤੇ ਰਿਚਰਡਸਨ ਨੇ ਆਊਟ ਕੀਤਾ। ਰੋਹਿਤ ਨੇ ਕਰੀਅਰ ਦਾ 40ਵਾਂ ਅਰਧ ਸੈਂਕੜਾ ਬਣਾਇਆ। ਦੂਜੇ ਪਾਸੇ ਧਵਨ ਨੇ ਕਰੀਅਰ ਦਾ 16ਵਾਂ ਸੈਂਕੜਾ ਲਾਇਆ। ਉਸ ਦੇ 17 ਪਾਰੀਆਂ ਬਾਅਦ ਸੈਂਕੜਾ ਜੜ੍ਹਨ ਵਾਲੀ ਇਹ ਪਾਰੀ ਖੇਡੀ। ਹੁਣ ਤਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ 282 ਦੌੜਾਂ ਬਣਾ ਲਈਆਂ ਹਨ। ਧਵਨ ਨੇ ਰੋਹਿਤ ਨਾਲ ਪਹਿਲੇ ਵਿਕਟ ਲਈ 193 ਦੌੜਾਂ ਜੋੜੀਆਂ। ਇਸ ਆਸਟ੍ਰੇਲੀਆ ਖਿਲਾਫ ਪਹਿਲੇ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਰੋਹਿਤ-ਧਵਨ ਨੇ ਆਪਣਾ ਪੁਰਾਣਾ ਰਿਕਾਰਡ ਤੋੜਿਆ। ਦੋਵਾਂ ਨੇ 2013 ਵਿੱਚ ਨਾਗਪੁਰ ’ਚ 178 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਸਚਿਨ-ਸਹਿਵਾਗ ਤੋਂ ਅੱਗੇ ਨਿਕਲੇ ਰੋਹਿਤ-ਧਵਨ ਰੋਹਿਤ-ਧਵਨ ਨੇ ਇਸ ਮੈਚ ਵਿੱਚ 12 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਹੀ ਸਚਿਨ ਤੇਂਦੁਲਕਰ ਤੇ ਵੀਰੇਂਦਰ ਸਹਿਵਾਗ ਨੂੰ ਦੌੜਾਂ ਦੀ ਸਾਂਝੇਦਾਰੀ ਦੇ ਮਾਮਲੇ ’ਚ ਪਿੱਛੇ ਛੱਡ ਦਿੱਤਾ ਹੈ। ਸਚਿਨ-ਸਹਿਵਾਗ ਨੇ ਸਾਂਝੇਦਾਰੀ ਵਿੱਚ 4387 ਦੌੜਾਂ ਬਣਾਈਆਂ ਸੀ। ਰੋਹਿਤ-ਧਵਨ ਹੁਣ ਦੋਵੇਂ ਭਾਰਤ ਲਈ ਸਾਂਝੇਦਾਰੀ ਵਿੱਚ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਪਹਿਲੇ ਸਥਾਨ ’ਤੇ ਸਚਿਨ ਤੇ ਸੌਰਵ ਗਾਂਗੁਲੀ ਦੀ ਜੋੜੀ ਹੈ। ਉਨ੍ਹਾਂ 8227 ਦੌੜਾਂ ਬਣਾਈਆਂ ਸੀ। ਦੱਸ ਦੇਈਏ ਕਿ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਭਾਰਤ ਤੇ ਆਸਟ੍ਰੇਲੀਆ ਦਾ ਚੌਥਾ ਵਨਡੇਅ ਮੈਚ ਖੇਡਿਆ ਜਾ ਰਿਹਾ ਹੈ। ਇਸ ਲੜੀ ਵਿੱਚ ਭਾਰਤ 2-1 ਨਾਲ ਅੱਗੇ ਹੈ। ਪਹਿਲੇ ਦੋ ਮੈਚਾਂ ਵਿੱਚ ਭਾਰਤ ਜਦਕਿ ਤੀਜੇ ਮੈਚ ਵਿੱਚ ਆਸਟ੍ਰੇਲੀਆ ਨੇ ਜਿੱਤ ਹਾਸਲ ਕੀਤੀ। ਅੱਜ ਦੇ ਮੈਚ ਵਿੱਚ ਦੋਵਾਂ ਟੀਮਾਂ ਜਿੱਤ ਲਈ ਜੱਦੋ-ਜਹਿਦ ਕਰ ਰਹੀਆਂ ਹਨ।