ਚੰਡੀਗੜ੍ਹ: ਏਸ਼ੀਆ ਕੱਪ ਦੇ ਸੁਪਰ ਫੋਰ ਦੇ ਅਹਿਮ ਮੁਕਾਬਲੇ ਵਿੱਚ ਭਾਰਤ ਨੂੰ ਪਾਕਿਸਤਾਨ ’ਤੇ ਜਿੱਤ ਹਾਸਲ ਕਰਨ ਲਈ 238 ਦੌੜਾਂ ਦੀ ਜ਼ਰੂਰਤ ਹੈ। ਬੁਮਰਾਹ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਫਿਰ ਬਿਹਤਰ ਗੇਂਦਬਾਜ਼ੀ ਕੀਤੀ ਤੇ ਪਾਕਿਸਤਾਨ ਨੂੰ 7 ਵਿਕਟਾਂ ’ਤੇ 237 ਦੌੜਾਂ ਹੀ ਬਣਾਉਣ ਦਿੱਤੀਆਂ।

ਭਾਰਤ ਵੱਲੋਂ ਯੁਜਵਿੰਦਰ ਚਹਿਲ, ਕੁਲਦੀਪ ਯਾਦਵ ਤੇ ਬੁਮਰਾਹ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਇੱਕ ਵਿਕਟ ਰਨਆਊਟ ਹੋਈ। ਬੁਮਰਾਹ ਨੇ ਮੈਚ ਦੀ ਸ਼ੁਰੂਆਤ ਵਿੱਚ ਹੀ ਬਿਹਤਰੀਨ ਗੇਂਦਬਾਜ਼ੀ ਕੀਤੀ ਤੇ ਆਪਣੇ ਕੋਟੇ ਵਿੱਚ ਸਿਰਫ 29 ਦੌੜਾਂ ਖਰਚੀਆਂ।

ਪਾਕਿਸਤਾਨ ਵੱਲੋ ਫਾਰਮ ਵਿੱਚ ਚੱਲ ਰਹੇ ਸੰਕਟ ਮੋਚਕ ਸ਼ੋਇਬ ਮਲਿਕ ਨੇ ਸਭਤੋਂ ਵੱਧ 78 ਦੌੜਾਂ ਬਣਾਈਆਂ। ਕਪਤਾਨ ਸਰਫਰਾਜ਼ ਅਹਿਮਦ ਨੇ 44 ਦੌੜਾਂ ਦੀ ਪਾਰੀ ਖੇਡੀ। ਇੱਕ ਸਮੇਂ ਟੀਮ ਨੇ 58 ਦੌੜਾਂ ਦੇ ਕੁੱਲ ਯੋਗ ’ਤੇ ਆਪਣੀਆਂ ਤਿੰਨ ਵਿਕਟਾਂ ਗਵਾ ਲਈਆਂ ਸੀ। ਪਰ ਇਸਦੇ ਬਾਅਦ ਸ਼ੋਇਬ ਮਲਿਕ ਤੇ ਸਰਫਰਾਜ਼ ਨੇ ਚੌਥੀ ਵਿਕਟ ਲਈ 107 ਦੌੜਾਂ ਦੀ ਸਾਂਝੇਦਾਰੀ ਨਿਭਾ ਕੇ ਟੀਮ ਨੂੰ ਸੰਕਟ ’ਚੋਂ ਕੱਢਿਆ।

ਹੁਣ ਵੇਖਣਾ ਇਹ ਹੈ ਕਿ ਕੀ ਭਾਰਤੀ ਟੀਮ ਪਾਕਿਸਤਾਨ ਵੱਲੋਂ ਦਿੱਤੇ 238 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਸਫਲ ਹੋ ਪਾਉਂਦੀ ਹੈ ਜਾਂ ਨਹੀਂ।