ਡਰਬਨਭਾਰਤੀ ਕ੍ਰਿਕਟ ਟੀਮ ਨੇ 6 ਇਕ-ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਦੌਰਾਨ ਮੇਜ਼ਬਾਨ ਦੱਖਣੀ ਅਫ਼ਰੀਕਾ ਨੂੰ 6 ਵਿਕਟਾਂ ਨਾਲ ਹਰਾ ਕੇ ਲੜੀ ਵਿੱਚ 1-0 ਦੀ ਲੀਡ ਲੈ ਲਈ।

ਡਰਬਨ ਦੇ ਕਿੰਗਜ਼ਮੀਡ ਸਟੇਡੀਅਮ ਵਿੱਚ ਖੇਡੇ ਗਏ ਮੈਚ ਦੌਰਾਨ ਦੱਖਣੀ ਅਫ਼ਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਦੇ ਨੁਕਸਾਨ ’ਤੇ 269 ਦੌੜਾਂ ਬਣਾਈਆਂ ਪਰ ਭਾਰਤ ਨੇ ਜਿੱਤਣ ਲਈ 270 ਦੌੜਾਂ ਦਾ ਟੀਚਾ ਮਹਿਜ਼ 4 ਵਿਕਟਾਂ ਗੁਆ ਕੇ 45.3 ਓਵਰਾਂ ਵਿੱਚ ਹੀ ਸਰ ਕਰ ਲਿਆ। ਭਾਰਤ ਲਈ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ 112 ਦੌੜਾਂ ਬਣਾਈਆਂ ਜਦੋਂਕਿ ਅਜਿੰਕਿਆ ਰਹਾਣੇ ਨੇ 79 ਤੇ ਸ਼ਿਖਰ ਧਵਨ ਨੇ 36 ਦੌੜਾਂ ਦਾ ਯੋਗਦਾਨ ਪਾਇਆ।


ਇਸ ਤੋਂ ਪਹਿਲਾਂ ਭਾਰਤ ਲਈ ਗੇਂਦਬਾਜ਼ੀ ਕਰਦਿਆਂ ਕੁਲਦੀਪ ਯਾਦਵ ਤੇ ਯਜ਼ੁਵਿੰਦਰ ਚਹਿਲ ਦੀ ਸਪਿੰਨ ਜੋੜੀ ਟੀਮ ਦੀਆਂ ਆਸਾਂ ’ਤੇ ਖਰੀ ਉੱਤਰੀ, ਪਰ ਕਪਤਾਨ ਫਾਫ ਡੂ ਪਲੇਸਿਸ ਦੇ ਬਿਹਤਰੀਨ ਸੈਂਕੜੇ ਸਦਕਾ ਦੱਖਣੀ ਅਫਰੀਕਾ ਨੇ ਆਪਣਾ ਸਕੋਰ 269 ਦੌੜਾਂ ਤੱਕ ਪਹੁੰਚਾ ਦਿੱਤਾ।

ਕੁਲਦੀਪ (34 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਚਹਿਲ (45 ਦੌੜਾਂ ਦੇ ਕੇ ਦੋ ਵਿਕਟਾਂ) ਨੇ ਮਿਲ ਕੇ 20 ਓਵਰਾਂ ’ਚ 79 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ, ਪਰ ਕਪਤਾਨ ਡੂ ਪਲੇਸਿਸ ਨੇ ਦੋਵਾਂ ਦਾ ਡੱਟ ਕੇ ਸਾਹਮਣਾ ਕੀਤਾ ਅਤੇ 112 ਗੇਂਦਾਂ ’ਚ 120 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਉਸ ਨੇ 11 ਚੌਕੇ ਤੇ ਦੋ ਛੱਕੇ ਲਾਏ।

ਉਸ ਨੇ ਹੇਠਲੇ ਕ੍ਰਮ ਦੇ ਕ੍ਰਿਸ ਮੌਰਿਸ (37) ਨਾਲ ਮਿਲ ਕੇ ਛੇਵੀਂ ਵਿਕਟ ਲਈ 74 ਦੌੜਾਂ ਅਤੇ ਐਡੇਨ ਫੇਲਿਕਵਾਓ (ਨਾਬਾਦ 27) ਨਾਲ ਸੱਤਵੀਂ ਵਿਕਟ ਲਈ 56 ਦੌੜਾਂ ਦੀਆਂ ਭਾਈਵਾਲੀਆਂ ਵੀ ਕੀਤੀਆਂ। ਇਸ ਮੈਚ ’ਚ ਕੁਲਦੀਪ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਵੀ ਕੀਤਾ।