ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਵੱਲੋਂ ਬਣਾਈਆਂ 335 ਦੌੜਾਂ ਦੇ ਜਵਾਬ ਵਿੱਚ ਪੰਜ ਵਿਕਟਾਂ ਗੁਆ ਕੇ 150 ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਸਮੇਂ ਟੀਮ ਦਾ ਸਕੋਰ 164 ਹੈ ਤੇ 5 ਖਿਡਾਰੀ ਆਊਟ ਹੋ ਚੁੱਕੇ ਹਨ। ਇਸ ਤਰ੍ਹਾਂ ਮੈਚ ਵਿੱਤ ਭਾਰਤ ਦੀ ਸਥਿਤੀ ਡਾਵਾਂਡੋਲ ਬਣੀ ਹੋਈ ਹੈ। ਬੇਸ਼ੱਕ ਟੀਮ ਫਾਲੋਆਨ ਤਾਂ ਬਚਾ ਚੁੱਕੀ ਹੈ ਪਰ ਫਿਰ ਵੀ ਪਹਿਲੀ ਪਾਰੀ 'ਚ ਵਿਰੋਧੀ 'ਤੇ ਬੜ੍ਹਤ ਬਣਾਉਣ ਤੋਂ ਖੁੰਝਦੀ ਜਾਪ ਰਹੀ ਹੈ।
ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੇ ਆਪਣੀਆਂ 46 ਦੌੜਾਂ ਸਦਕਾ ਟੀਮ ਨੂੰ ਕਾਫੀ ਸਹਾਰਾ ਦਿੱਤਾ। ਦੂਜੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਤੇ ਮੁਢਲੇ ਕ੍ਰਮ ਦੇ ਬੱਲੇਬਾਜ਼ ਚਿਤੇਸ਼ਵਰ ਪੁਜਾਰਾ ਨੇ ਭਾਰਤ ਨੂੰ ਫਿਰ ਨਿਰਾਸ਼ ਕੀਤਾ। ਪਿਛਲੇ ਮੈਚ ਵਿੱਚ ਹਾਰ ਦੀ ਨਮੋਸ਼ੀ ਤੋਂ ਬਾਅਦ ਅੱਜ ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਬੱਲੇ ਦਾ ਜਾਦੂ ਵਿਖਾ ਰਹੇ ਹਨ। ਕੋਹਲੀ ਨੇ 80 ਦੌੜਾਂ ਬਣਾਈਆਂ ਹਨ ਤੇ ਇਸ ਸਮੇਂ ਕ੍ਰੀਜ਼ 'ਤੇ ਉਨ੍ਹਾਂ ਦਾ ਸਾਥ ਹਾਰਦਿਕ ਪੰਡਿਆ ਨਿਭਾਅ ਰਹੇ ਹਨ।
ਇਸ ਤੋਂ ਪਹਿਲਾਂ ਭਾਰਤ ਨੇ ਅੱਜ ਸਵੇਰੇ ਦੱਖਣੀ ਅਫਰੀਕਾ ਨੂੰ ਆਲ ਆਊਟ ਕਰ ਦਿੱਤਾ ਸੀ। ਭਾਰਤ ਦੇ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਤੇ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਵੱਲੋਂ ਕ੍ਰਮਵਾਰ 4 ਤੇ 3 ਵਿਕਟਾਂ ਝਟਕਾਈਆਂ।
ਪਹਿਲੀ ਪਾਰੀ ਵਿੱਚ ਦੱਖਣੀ ਅਫਰੀਕਾ ਦੇ ਕਿਸੇ ਬੱਲੇਬਾਜ਼ ਨੇ ਸੈਂਕੜਾ ਤਾਂ ਨਹੀਂ ਬਣਾਇਆ ਪਰ ਤਿੰਨ ਖਿਡਾਰੀਆਂ ਦੇ ਅਰਧ ਸੈਂਕੜਿਆਂ ਨਾਲ ਟੀਮ ਨੇ ਚੰਗਾ ਸਕੋਰ ਖੜ੍ਹਾ ਕਰ ਲਿਆ। ਟੀਮ ਦੇ ਹਾਸ਼ਿਮ ਅਮਲਾ ਤੇ ਏਡਨ ਮਾਰਕਮ ਨੇ ਕ੍ਰਮਵਾਰ 82 ਤੇ 94 ਦੌੜਾਂ ਬਣਾਈਆਂ।
ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਿਆ ਕੋਈ ਵਿਕਟ ਲੈਣ ਵਿੱਚ ਕਾਮਯਾਬ ਤਾਂ ਨਹੀਂ ਹੋਏ ਪਰ ਕੱਸਵੀਂ ਗੇਂਦਬਾਜ਼ੀ ਕਰਦਿਆਂ ਅਫਰੀਕੀ ਟੀਮ ਦੇ ਸਕੋਰ 'ਤੇ ਲਗਾਮ ਜ਼ਰੂਰ ਲਾਈ। ਮੁਹੰਮਦ ਸ਼ਮੀ ਨੇ 58 ਦੌੜਾਂ ਦੇ ਕੇ 1 ਵਿਕਟ ਲਈ। ਈਸ਼ਾਂਤ ਸ਼ਰਮਾ ਭਾਰਤ ਦੇ ਸਭ ਤੋਂ ਕਿਫਾਇਤੀ ਗੇਂਦਬਾਜ਼ ਸਾਬਤ ਹੋਏ ਜਿਸ ਨੇ 22 ਓਵਰਾਂ ਵਿੱਚ 46 ਦੌੜਾਂ ਦੇ ਕੇ 3 ਖਿਡਾਰੀ ਆਊਟ ਕੀਤੇ ਸਨ।