ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਜਿੱਤ ਲਈ 287 ਦੌੜਾਂ ਦਾ ਟੀਚਾ ਦਿੱਤਾ ਹੈ। ਦੂਜੀ ਪਾਰੀ 'ਚ ਭਾਰਤ ਨੇ ਮੇਜ਼ਬਾਨ ਟੀਮ ਨੂੰ 258 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਭਾਰਤ ਨੇ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਭਾਰਤੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ 'ਤੇ 11 ਦੌੜਾਂ ਬਣਾ ਲਈਆਂ ਹਨ। ਪਹਿਲੀ ਪਾਰੀ ਦੀ 28 ਦੌੜਾਂ ਮਿਲਾ ਕੇ ਅਫਰੀਕੀ ਟੀਮ ਨੇ ਕੁੱਲ 286 ਦੌੜਾਂ ਦੀ ਲੀਡ ਕਾਇਮ ਕਰ ਲਈ ਸੀ। ਮੇਜ਼ਬਾਨ ਟੀਮ ਦੇ ਖ਼ਤਰਨਾਕ ਬੱਲੇਬਾਜ਼ ਮੰਨੇ ਜਾਂਦੇ ਏ.ਬੀ. ਡਿਵੀਲੀਅਰਜ਼ ਨੇ ਸਭ ਤੋਂ ਵੱਧ 80 ਦੌੜਾਂ ਬਣਾਈਆਂ। ਦੂਜੀ ਪਾਰੀ ਵਿੱਚ ਮੁਹੰਮਦ ਸ਼ਮੀ ਨੇ ਅਫਰੀਕੀ ਟੀਮ ਦੇ ਚਾਰ ਖਿਡਾਰੀਆਂ ਨੂੰ ਪੈਵੇਲੀਅਨ ਤੋਰਿਆ ਜਦਕਿ ਜਸਪ੍ਰੀਤ ਬੁਮਰਾਹ ਨੇ ਤਿੰਨ ਤੇ ਈਸ਼ਾਂਤ ਸ਼ਰਮਾ ਨੇ ਦੋ ਵਿਕਟਾਂ ਝਟਕਾਈਆਂ ਸਨ। ਹੁਣ ਭਾਰਤ ਦੀ ਜਿੱਤ ਲਈ ਪੂਰੀ ਟੇਕ ਬੱਲੇਬਾਜ਼ਾਂ 'ਤੇ ਹੈ। ਵਿਦੇਸ਼ੀ ਪਿੱਚ ਭਾਰਤੀ ਟੀਮ ਲਈ ਕਾਫੀ ਚੁਨੌਤੀਆਂ ਭਰੀਆਂ ਹਨ। ਇਸ ਲਈ ਮਾਹਰ ਦੱਸਦੇ ਹਨ ਕਿ ਮੈਚ ਡਰਾਅ ਹੋ ਸਕਦਾ ਹੈ।