ਨਵੀਂ ਦਿੱਲੀ: ਅੱਜਕਲ੍ਹ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਵੱਲੋਂ ਨਵੇਂ ਰਿਕਾਰਡ ਕਾਇਮ ਕਰਨ ਦਾ ਸਿਲਸਿਲਾ ਚੱਲ ਰਿਹਾ ਹੈ। ਜਦੋਂ ਵੀ ਕੋਹਲੀ ਮੈਦਾਨ ‘ਚ ਉੱਤਰਦੇ ਹਨ ਤਾਂ ਕੋਈ ਨਾ ਕੋਈ ਰਿਕਾਰਡ ਜ਼ਰੂਰ ਬਣਦਾ ਹੈ ਜਾਂ ਟੁੱਟਦਾ ਹੈ। ਸਾਉਥ ਅਫਰੀਕਾ ਖਿਲਾਫ ਖੇਡੇ ਜਾ ਰਹੇ ਦੂਜੇ ਟੈਸਟ ਮੈਚ ‘ਚ ਕੋਹਲੀ ਦਾ ਬੱਲਾ ਖੂਬ ਧਮਾਕੇ ਕਰ ਰਿਹਾ ਹੈ।

ਜੀ ਹਾਂ, ਕੋਹਲੀ ਨੇ ਆਪਣਾ ਦੂਜਾ ਸੈਂਕੜਾ ਪੂਰਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟੈਸਟ ਕ੍ਰਿਕਟ ‘ਚ 7ਵਾਂ ਦੋਹਰਾ ਸੈਂਕੜਾ ਜੜ ਦਿੱਤਾ ਹੈ। ਸਿਰਫ ਇੰਨਾ ਹੀ ਨਹੀਂ ਇਸ ਦੇ ਨਾਲ ਹੀ ਕੋਹਲੀ ਸੱਤ ਹਜ਼ਾਰ ਦੌੜਾਂ ਵੀ ਪੂਰੀਆਂ ਕਰ ਗਏ ਹਨ। ਪੁਣੇ ਦੇ ਐਮਸੀਏ ਸਟੇਡੀਅਮ ‘ਚ ਖੇਡੇ ਜਾ ਰਹੇ ਮੈਚ ‘ਚ ਕੋਹਲੀ ਨੇ ਇਹ ਕਮਾਲ ਕੀਤਾ ਹੈ।

ਇਸ ਤੋਂ ਪਹਿਲਾਂ ਅੱਜ ਕੋਹਲੀ ਨੇ 150 ਦੌੜਾਂ ਬਣਾਉਂਦੇ ਹੀ ਡੌਨ ਬ੍ਰੈਡਮੈਨ ਦੇ ਰਿਕਾਰਡ ਨੂੰ ਤੋੜਿਆ ਸੀ। ਕੋਹਲੀ ਨੇ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਵਾਰ 150 ਦੌੜਾਂ ਬਣਾਉਣ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਇਹ ਮੈਚ ਇਸ ਲਈ ਵੀ ਖਾਸ ਹੈ ਕਿਉਂਕਿ ਬਤੌਰ ਕਪਤਾਨ ਉਹ ਆਪਣਾ 50ਵਾਂ ਟੈਸਟ ਮੈਚ ਖੇਡ ਰਹੇ ਹਨ।

ਕੋਹਲੀ ਲਈ ਅੱਜ ਦੇ ਦਿਨ ਦੀ ਅਹਿਮੀਅਤ ਇੱਥੇ ਹੀ ਨਹੀਂ ਮੁੱਕਦੀ। ਇਸ ਤੋਂ ਪਹਿਲਾਂ ਦਸੰਬਰ 2018 ‘ਚ ਪਰਥ ਟੈਸਟ ਦੌਰਾਨ ਸੈਂਕੜਾ ਜੜਿਆ ਸੀ। ਕਾਫੀ ਸਮੇਂ ਬਾਅਦ ਉਨ੍ਹਾਂ ਨੇ ਟੈਸਟ ‘ਚ ਆਪਣੇ ਬੱਲੇ ਦਾ ਕਮਾਲ ਦਿਖਾਇਆ ਹੈ।

ਕੋਹਲੀ ਨੇ ਟੀਮ ਇੰਡੀਆ ਲਈ ਹੁਣ ਤਕ 81 ਟੈਸਟ ਮੈਚ ਖੇਡੇ ਹਨ। ਇਨ੍ਹਾਂ 81 ਮੈਚਾਂ ‘ਚ ਉਨ੍ਹਾਂ ਨੇ 53.94 ਦੀ ਔਸਤ ਨਾਲ 7000 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 26 ਸੈਂਕੜੇ, 7 ਦੋਹਰੇ ਸੈਂਕੜੇ ਤੇ 22 ਅਰਧ ਸੈਂਕੜੇ ਲਾਏ ਹਨ।