ਭਾਰਤ ਦੇ ਇਨ੍ਹਾਂ ਚਾਰ ਖਿਡਾਰੀਆਂ ਨੇ ਦਿਵਾਈ ਪਾਕਿਸਤਾਨ 'ਤੇ ਰਿਕਾਰਡ ਜਿੱਤ
ਏਬੀਪੀ ਸਾਂਝਾ | 20 Sep 2018 02:11 PM (IST)
ਚੰਡੀਗੜ੍ਹ: ਏਸ਼ੀਆ ਕੱਪ ਵਿੱਚ ਬੀਤੇ ਕੱਲ੍ਹ ਹੋਇਆ ਭਾਰਤ ਬਨਾਮ ਪਾਕਿਸਤਾਨ ਮੈਚ ਯਾਦਗਾਰੀ ਹੋ ਨਿੱਬੜਿਆ। ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡੇ ਗਏ ਮੁਕਾਬਲੇ ਵਿੱਚ ਪਾਕਿ ਟੀਮ ਸਿਰਫ਼ 162 ਦੌੜਾਂ 'ਤੇ ਹੀ ਸਿਮਟ ਗਈ। ਭਾਰਤ ਨੇ ਪਾਕਿਸਤਾਨ 'ਤੇ 126 ਗੇਂਦਾਂ ਯਾਨੀ 21 ਓਵਰ ਬਾਕੀ ਰਹਿੰਦੇ ਜਿੱਤ ਹਾਸਲ ਕਰ ਨਵਾਂ ਰਿਕਾਰਡ ਬਣਾ ਦਿੱਤਾ। ਅੱਠ ਵਿਕਟਾਂ ਨਾਲ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਇਹ ਸਭ ਤੋਂ ਵੱਧ ਬਕਾਇਆ ਗੇਂਦਾਂ ਵਿੱਚ ਮੈਚ ਜਿੱਤ ਕੇ ਰਿਕਾਰਡ ਬਣਾ ਦਿੱਤਾ। ਭਾਰਤ ਦੀ ਜਿੱਤ ਵਿੱਚ ਗੇਂਦਬਾਜ਼ਾਂ ਦੀ ਅਹਿਮ ਭੂਮਿਕਾ ਰਹੀ। ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਸ਼ੁਰੂਆਤੀ ਓਵਰਾਂ ਵਿੱਚ ਹੀ ਇਹ ਫੈਸਲਾ ਉਨ੍ਹਾਂ 'ਤੇ ਭਾਰੀ ਪੈਣ ਲੱਗਾ। ਜਦ ਭੁਵਨੇਸ਼ਵਰ ਕੁਮਾਰ ਨੇ ਪਾਕਿਸਤਾਨ ਦੀ ਬੈਟਿੰਗ ਲਾਈਨਅੱਪ ਨੂੰ ਤੋੜ ਕੇ ਰੱਖ ਦਿੱਤਾ। ਹਾਂਗਕਾਂਗ ਖਿਲਾਫ਼ ਭੁਵਨੇਸ਼ਰ ਕੁਮਾਰ ਨੂੰ ਇੱਕ ਵੀ ਵਿਕਟ ਨਹੀਂ ਸੀ ਮਿਲਿਆ, ਪਰ ਪਾਕਿਸਤਾਨ ਦੇ ਤਿੰਨ ਵਿਕਟ ਝਟਕਾਉਣ ਵਿੱਚ ਉਹ ਸਫ਼ਲ ਰਿਹਾ। ਪਾਕਿਸਤਾਨ ਦੇ ਸ਼ੋਇਬ ਮਲਿਕ ਤੇ ਬਾਬਰ ਆਜ਼ਮ ਨੇ 82 ਦੌੜਾਂ ਦੀ ਅਹਿਮ ਸਾਂਝੇਦਾਰੀ ਕਾਇਮ ਕੀਤੀ ਪਰ ਕੇਦਾਰ ਜਾਧਵ ਨੇ ਇਨ੍ਹਾਂ ਦੀ ਪਾਰਟਨਰਸ਼ਿਪ ਤੋੜ ਕੇ ਪਾਕਿਸਤਾਨ ਨੂੰ ਬੈਕਫੁੱਟ 'ਤੇ ਧੱਕ ਦਿੱਤਾ। ਉਸ ਨੇ ਵੀ ਪਾਕਿਸਤਾਨ ਦੇ ਕੁੱਲ ਤਿੰਨ ਖਿਡਾਰੀਆਂ ਨੂੰ ਪੈਵੇਲੀਅਨ ਭੇਜਿਆ। ਜਸਪ੍ਰੀਤ ਬੁਮਰਾਹ ਨੇ ਦੋ ਵਿਕਟਾਂ ਲਈਆਂ ਤੇ ਕੁਲਦੀਪ ਯਾਦਵ ਨੂੰ ਇੱਕ ਵਿਕਟ ਮਿਲੀ। ਇਸ ਤੋਂ ਬਾਅਦ ਰੋਹਿਤ ਤੇ ਧਵਨ ਦੇ ਹਮਲਾਵਰ ਰੁਖ਼ ਨੇ ਪਾਕਿਸਤਾਨ ਗੇਂਦਬਾਜ਼ਾਂ ਦੀ ਇੱਕ ਨਾਲ ਪੇਸ਼ ਆਉਣ ਦਿੱਤੀ। ਪਾਕਿਸਤਾਨ ਦਾ ਬਾਲਿੰਗ ਅਟੈਕ ਬਿਲਕੁਲ ਚੈਂਪੀਅਨ ਟਰਾਫੀ ਦੇ ਫਾਈਨਲ ਵਰਗਾ ਸੀ। ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਕੁੱਲ 86 ਦੌੜਾਂ ਦੀ ਸਾਂਝੇਦਾਰੀ ਕਾਇਮ ਕੀਤੀ। ਕਪਤਾਨ ਰੋਹਿਤ ਸ਼ਰਮਾ ਨੇ 36 ਗੇਂਦਾਂ 'ਤੇ ਤੂਫ਼ਾਨੀ ਅਰਧ ਸੈਂਕੜਾ ਵੀ ਜੜਿਆ। ਉੱਧਰ, ਸ਼ਿਖਰ ਧਵਨ ਵੀ ਆਊਟ ਹੋਣ ਤੋਂ ਪਹਿਲਾਂ ਪਾਕਿਸਤਾਨ ਦੇ ਗੇਂਦਬਾਜ਼ਾਂ ਦੀ ਕਾਫੀ ਧੁਆਈ ਕਰ ਚੁੱਕੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਮੈਚ ਵਿੱਚ ਵਾਪਸੀ ਕਰਨਾ ਬੇਹੱਦ ਔਖਾ ਸੀ। ਧਵਨ ਦੇ ਆਊਟ ਹੋਣ ਸਮੇਂ ਭਾਰਤ ਨੂੰ 30 ਓਵਰਾਂ ਵਿੱਚ 60 ਦੌੜਾਂ ਦੀ ਲੋੜ ਸੀ, ਜਿਸ ਨੂੰ ਅੰਬਾਤੀ ਰਾਇਡੂ ਤੇ ਦਿਨੇਸ਼ ਕਾਰਤਿਕ ਦੀ ਜੋੜੀ ਨੇ ਪੂਰਾ ਕਰ ਦਿੱਤਾ। ਭਾਰਤ ਨੇ ਜਿੱਥੇ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਮਾਤ ਦੇ ਦਿੱਤੀ ਉੱਥੇ ਹੀ ਸਭ ਤੋਂ ਜ਼ਿਆਦਾ ਗੇਂਦ ਬਚਾਉਂਦੇ ਹੋਏ ਜਿੱਤ ਹਾਸਲ ਕਰਨ ਦਾ ਰਿਕਾਰਡ ਵੀ ਕਾਇਮ ਕਰ ਲਿਆ। ਏਸ਼ੀਆ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਅਗਲਾ ਮੈਚ 23 ਸਤੰਬਰ ਨੂੰ ਖੇਡਿਆ ਜਾਵੇਗਾ।