ਚੰਡੀਗੜ੍ਹ: ਭਾਰਤ ਨੇ ਮੁੰਬਈ ਵਨਡੇਅ ਵੱਚ ਵੈਸਟਇੰਡੀਜ਼ ਉੱਤੇ ਸ਼ਾਨਦਾਰ ਜਿੱਤ ਦਰਜ ਕੀਤੀ। ਮਹਿਮਾਨ ਟੀਮ ਨੂੰ ਭਾਰਤ ਨੇ 224 ਦੌੜਾਂ ਨਾਲ ਕਰਾਈ ਮਾਤ ਦਿੱਤੀ। ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ ਧਮਾਕਾ ਕੀਤਾ ਤੇ ਵੈਸਟਇੰਡੀਜ਼ ਦੀ ਪੂਰੀ ਟੀਮ ਨੂੰ 153 ਦੌੜਾਂ ’ਤੇ ਢੇਰ ਕਰ ਦਿੱਤਾ।
ਭਾਰਤ ਨੇ ਵੈਸਟਇੰਡੀਜ਼ ਸਾਹਮਣੇ 378 ਦੌੜਾਂ ਦੀ ਵਿਸ਼ਾਲ ਟੀਚਾ ਰੱਖਿਆ ਸੀ ਜਿਸ ਨੂੰ ਵੈਸਟਇੰਡੀਜ਼ ਦੇ ਬੱਲੇਬਾਜ਼ ਪਾਰ ਨਹੀਂ ਕਰ ਸਕੇ। ਤੀਜਾ ਵਨਡੇਅ ਹਾਰਨ ਤੋਂ ਬਾਅਦ ਵਿਰਾਟ ਬਿਰਗੇਡ ਹਰ ਹਾਲ ਵਿੱਚ ਚੌਥਾ ਮੁਕਾਬਲਾ ਜਿੱਤਣਾ ਚਾਹੁੰਦੀ ਸੀ, ਜੋ ਭਾਰਤੀ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਮਿਲ ਕੇ ਕਰ ਦਿਖਾਇਆ। ਮੁੰਬਈ ਦੇ ਬ੍ਰੋਬੇਰਨ ਸਟੇਡੀਅਮ ਵਿੱਚ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ।
ਬੱਲੇਬਾਜ਼ੀ ਲਈ ਅਨੁਕੂਲ ਪਿੱਚ ਦਾ ਸਲਾਮੀ ਜੋੜੀ ਨੇ ਭਰਪੂਰ ਫਾਇਦ ਚੁੱਕਦਿਆਂ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨੇ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਮਗਰੋਂ ਵਿਰਾਟ ਕੋਹਲੀ ਤੋਂ ਸੀਰੀਜ਼ ’ਚ ਚੌਥੇ ਸੈਂਕੜੇ ਦੀ ਉਮੀਦ ਸੀ। ਪਰ ਕੋਹਲੀ ਇਸ ਵਾਰ ਆਪਣਾ ਕਮਾਲ ਨਹੀਂ ਦਿਖਾ ਸਕੇ ਤੇ 16 ਦੌੜਾਂ ਬਣਾ ਕੇ ਹੀ ਆਊਟ ਹੋ ਗਏ।
ਕੋਹਲੀ ਤੋਂ ਬਾਅਦ ਰਾਇਡੂ ਬੱਲੇਬਾਜ਼ੀ ਕਰਨ ਉੱਤਰੇ। ਰਾਇਡੂ ਨੇ ਤੇਜ਼ ਤਰਾਰ ਪਾਰੀ ਖੇਡੀ। ਰੋਹਿਤ ਤੇ ਰਾਇਡੂ ਨੇ ਮਿਲ ਕੇ 211 ਦੌੜਾਂ ਦੀ ਸ਼ਾਂਝੇਦਾਰੀ ਕੀਤੀ। ਇਸ ਵਿੱਚ ਦੋਵਾਂ ਨੇ ਸੈਂਕੜੇ ਜੜੇ। ਰੋਹਿਤ ਸ਼ਰਮਾ ਨੇ ਵਨਡੇਅ ਕਰੀਅਰ ਦਾ 21ਵਾਂ ਤੇ ਰਾਇਡੂ ਨੇ ਕਰੀਅਕ ਦਾ ਦੂਜਾ ਸੈਂਕੜਾ ਪੂਰਾ ਕੀਤਾ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 162 ਦੌੜਾਂ ਬਣਾ ਕੇ ਆਊਟ ਹੋਏ। ਰੋਹਿਤ ਆਊਟ ਹੋਏ ਟੀਮ ਲਈ ਵੱਡੇ ਸਕੋਰ ਦਾ ਰਸਤਾ ਦਿਖਾ ਚੁੱਕੇ ਸਨ। ਅੰਬਾਤੀ ਰਾਇਡੂ 81 ਗੇਂਦਾਂ ’ਚ 100 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਧੋਨੀ ਤੇ ਕੇਦਾਰ ਯਾਦਵ ਨੇ ਭਾਰਤ ਦੀ ਪਾਰੀ ਨੂੰ ਪਾਰ ਲਗਾਉਂਦਿਆਂ ਸਕੋਰ 377 ਤੱਕ ਪਹੁੰਚਾਇਆ।
ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਸ਼ੁਰੂਆਤ ਖਰਾਬ ਰਹੀ ਤੇ 20 ਦੌੜਾਂ ਤੇ ਤਿੰਨ ਵਿਕਟ ਗਵਾ ਦਿੱਤੇ। ਇਸ ਤੋਂ ਬਾਅਦ ਲਗਾਤਾਰ ਇਕ-ਇਕ ਕਰਕੇ ਵੈਸਟਇੰਡੀਜ਼ ਦੇ ਵਿਕਟ ਡਿੱਗਦੇ ਰਹੇ। ਅੰਤ ਵਿੱਚ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਪਾਰੀ ਨੂੰ ਸੰਭਾਲਿਆ। ਪਰ ਉਹ ਇੰਨੇ ਵੱਡੇ ਵਿਸ਼ਾਲ ਟੀਚੇ ਤੱਕ ਪਹੁੰਚਣ ਚ ਨਾਕਾਮਯਾਬ ਰਹੇ।
ਭਾਰਤ ਵੱਲੋਂ ਖੱਬੇ ਹੱਥ ਦੇ ਯੁਵਾ ਗੇਂਦਬਾਜ਼ ਖਲੀਲ ਅਹਿਮਦ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਤਿੰਨ ਵਿਕਟ ਝਟਕਾਏ। ਕੁਲਦੀਪ ਯਾਦਵ ਨੂੰ 2, ਜਡੇਜਾ ਤੇ ਭੁਵਨੇਸ਼ਵਰ ਨੂੰ ਇੱਕ-ਇੱਕ ਵਿਕਟ ਹਾਸਿਲ ਹੋਇਆ। ਇਸ ਜਿੱਤ ਨਾਲ ਪੰਜ ਮੈਚਾਂ ਦੀ ਸੀਰੀਜ਼ ਚ ਭਾਰਤ ਨੇ 2-1 ਦੀ ਲੀਡ ਬਣਾ ਲਈ ਹੈ। ਸੀਰੀਜ਼ ਜਿੱਤਣ ਲਈ ਭਾਰਤ ਨੂੰ ਆਖਰੀ ਮੁਕਬਲਾ ਜਿੱਤਣਾ ਲਾਜ਼ਮੀ ਹੋਵੇਗਾ।