ਭਾਰਤ ਨੇ 63 ਦੌੜਾਂ ਨਾਲ ਦੱਖਣੀ ਅਫਰੀਕਾ ਨੂੰ ਹਰਾਇਆ
ਏਬੀਪੀ ਸਾਂਝਾ | 27 Jan 2018 08:52 PM (IST)
ਜੌਹਨਸਬਰਗ ਵਿੱਚ ਭਾਰਤ ਨੇ ਆਖ਼ਰੀ ਟੈਸਟ 63 ਦੌੜਾਂ ਨਾਲ ਜਿੱਤ ਲਿਆ ਹੈ। ਮੇਜ਼ਬਾਨ ਟੀਮ 177 ਦੌੜਾਂ 'ਤੇ ਆਲਊਟ ਹੋ ਗਈ। ਭਾਰਤ ਦੇ ਜਿੱਤ ਲਈ 241 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਛੇ ਇੱਕ ਦਿਨਾ ਮੈਚ ਤੇ ਤਿੰਨ ਟੀ-20 ਮੈਚ ਵੀ ਖੇਡੇ ਜਾਣਗੇ। ਇਸ ਜਿੱਤ ਨਾਲ 1 ਫਰਵਰੀ ਨੂੰ ਹੋਣ ਵਾਲੇ ਪਹਿਲੇ ਇੱਕ ਦਿਨਾ ਮੈਚ 'ਚ ਭਾਰਤੀ ਟੀਮ ਦਾ ਮਨੋਬਲ ਉੱਚਾ ਰਹੇਗਾ। ਚੰਗੀ ਸ਼ੁਰੂਆਤ ਦੇ ਬਾਵਜੂਦ ਮੇਜ਼ਬਾਨ ਟੀਮ ਦੇ ਖਿਡਾਰੀ ਭਾਰਤੀ ਗੇਂਦਬਾਜ਼ਾਂ ਸਾਹਮਣੇ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਤੀਜਾ ਟੈਸਟ ਹਾਰਨ ਦੇ ਬਾਵਜੂਦ ਦੱਖਣੀ ਅਫਰੀਕਾ ਤਿੰਨ ਮੈਚਾਂ ਦੀ ਲੜੀ 'ਤੇ 2-1 ਦੇ ਫਰਕ ਨਾਲ ਪਹਿਲਾਂ ਹੀ ਕਬਜ਼ਾ ਕਰ ਲਿਆ ਸੀ। ਪਰ ਆਖ਼ਰੀ ਟੈਸਟ ਵਿੱਚ ਜਿੱਤ ਕਪਤਾਨ ਵਿਰਾਟ ਕੋਹਲੀ ਲਈ ਕਾਫੀ ਸਕੂਨਮਈ ਸਾਬਤ ਹੋਈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ 5 ਵਿਕਟਾਂ ਹਾਸਲ ਕੀਤੀਆਂ। ਜਸਪ੍ਰੀਤ ਬੁਮਰਾਹ ਤੇ ਈਸ਼ਾਂਤ ਸ਼ਰਮਾ ਨੇ ਦੋ-ਦੋ ਤੇ ਭੁਵਨੇਸ਼ਵਰ ਕੁਮਾਰ ਨੇ ਇੱਕ ਵਿਕਟ ਹਾਸਲ ਕੀਤੀ। ਦੱਖਣੀ ਅਫਰੀਕਾ ਦੇ ਡੀਨ ਅਲਗਰ ਦੀਆਂ ਨਾਬਾਦ 86 ਦੌੜਾਂ ਤੇ ਹਾਸ਼ਿਮ ਅਮਲਾ ਦੀਆਂ 52 ਦੌੜਾਂ ਵੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀਆਂ। ਮੇਜ਼ਬਾਨ ਟੀਮ ਦੇ ਚਾਰ ਖਿਡਾਰੀ ਖਾਤਾ ਹੀ ਨਾ ਖੋਲ੍ਹ ਸਕੇ ਤੇ ਚਾਰ ਹੋਰ ਦੂਹਰਾ ਅੰਕੜਾ ਪਾਰ ਨਾ ਕਰ ਸਕੇ।