ਚੰਡੀਗੜ੍ਹ: ਭਾਰਤੀ ਕ੍ਰਿਕੇਟਰ ਮੁਹੰਮਦ ਸ਼ਮੀ ਨੇ ਆਪਣੇ ਮਾੜੇ ਦੌਰ ਨੂੰ ਯਾਦ ਕਰਦੇ ਹੋਏ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਸ਼ਨੀਵਾਰ ਨੂੰ ਰੋਹਿਤ ਸ਼ਰਮਾ ਨਾਲ ਇੰਸਟਾਗ੍ਰਾਮ 'ਤੇ ਲਾਈਵ ਚੈਟਿੰਗ ਦੌਰਾਨ ਸ਼ਮੀ ਨੇ ਕਿਹਾ, 2015 ਵਿਸ਼ਵ ਕੱਪ ਤੋਂ ਬਾਅਦ ਜ਼ਿੰਦਗੀ ਦਾ ਬਹੁਤ ਬੁਰਾ ਸਮਾਂ ਆਇਆ ਸੀ। ਇਸ ਸਮੇਂ ਦੌਰਾਨ, ਉਸ ਨੇ ਤਿੰਨ ਵਾਰ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ।


ਸ਼ਮੀ ਦਾ ਫਲੈਟ 24ਵੀਂ ਮੰਜ਼ਲ 'ਤੇ ਹੈ। ਪਰਿਵਾਰ ਨੂੰ ਇਸ ਡਰ ਸੀ ਕਿ ਕੀਤੇ ਉਹ ਇਥੋਂ ਹੇਠਾਂ ਛਾਲ ਨਾ ਮਾਰ ਦੇਵੇ। ਦਰਅਸਲ, ਸ਼ਮੀ ਸੱਟ ਲੱਗਣ ਕਾਰਨ ਤਕਰੀਬਨ 18 ਮਹੀਨੇ ਟੀਮ ਤੋਂ ਬਾਹਰ ਰਿਹਾ। ਸਾਲ 2018 ਵਿੱਚ ਪਤਨੀ ਹਸੀਨ ਜਹਾਂ ਨੇ ਉਸ ਵਿਰੁੱਧ ਘਰੇਲੂ ਹਿੰਸਾ ਦਾ ਕੇਸ ਵੀ ਦਾਇਰ ਕਰਵਾਇਆ ਸੀ।




ਸ਼ਮੀ ਨੇ ਕਿਹਾ,  “ਮੈਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਸੀ। ਤੁਸੀਂ ਇਸ 'ਤੇ ਵਿਸ਼ਵਾਸ ਨਹੀਂ ਕਰੋਗੇ, ਪਰ ਮੈਂ ਇਸ ਸੰਕਟ ਦੇ ਦੌਰਾਨ ਤਿੰਨ ਵਾਰ ਖੁਦਕੁਸ਼ੀ ਕਰਨ ਬਾਰੇ ਸੋਚਿਆ। ਪਰਿਵਾਰਕ ਮੈਂਬਰ ਮੇਰੇ ਬਾਰੇ ਬਹੁਤ ਚਿੰਤਾ ਕਰਦੇ ਸਨ। ਅਸੀਂ 24ਵੇਂ ਮੰਜ਼ਿਲ 'ਤੇ ਰਹਿੰਦੇ ਹਾਂ। ਪਰਿਵਾਰ ਨੂੰ ਡਰ ਸੀ ਕਿ ਮੈਂ ਕੀਤੇ ਬਾਲਕੋਨੀ ਤੋਂ ਛਾਲ ਨਾ ਮਾਰ ਦੇਵਾਂ। ਉਸ ਸਮੇਂ ਮੈਂ ਕ੍ਰਿਕਟ ਬਾਰੇ ਨਹੀਂ ਸੋਚਿਆ ਸੀ। ਅਜਿਹਾ ਲਗਦਾ ਸੀ ਕਿ ਮੈਂ ਕ੍ਰਿਕਟ ਛੱਡ ਦੇਵਾਂਗਾ। ”


ਤੇਜ਼ ਗੇਂਦਬਾਜ਼ ਨੇ ਕਿਹਾ, “ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ।ਉਨ੍ਹਾਂ ਮੈਂਨੂੰ ਸਮਝਾਇਆ ਕਿ ਸਮੱਸਿਆ ਭਾਵੇਂ ਛੋਟੀ ਹੋਵੇ ਜਾਂ ਵੱਡੀ, ਹਰ ਸਮੱਸਿਆ ਦਾ ਹੱਲ ਹੁੰਦਾ ਹੈ। ਭਰਾ ਨੇ ਬਹੁਤ ਸਹਿਯੋਗ ਦਿੱਤਾ।ਮੇਰੇ ਨਾਲ 2-3 ਦੋਸਤ 24 ਘੰਟੇ ਹੁੰਦੇ ਸਨ। ਮਾਪਿਆਂ ਨੇ ਸਮਝਾਇਆ ਕਿ ਮੁਸ਼ਕਲਾਂ ਨੂੰ ਦੂਰ ਕਰਨ ਲਈ ਮੈਨੂੰ ਸਿਰਫ ਕ੍ਰਿਕਟ 'ਤੇ ਧਿਆਨ ਦੇਣਾ ਚਾਹੀਦਾ ਹੈ। ਮੈਂ ਫਿਰ ਟ੍ਰੇਨਿੰਗ ਸ਼ੁਰੂ ਕੀਤੀ। ਦੇਹਰਾਦੂਨ ਦੀ ਇੱਕ ਅਕਾਦਮੀ ਵਿੱਚ ਬਹੁਤ ਸਖਤ ਮਿਹਨਤ ਕੀਤੀ ਤੇ ਫਿਰ ਕ੍ਰਿਕੇਟ 'ਚ ਵਾਪਸੀ ਕੀਤੀ। ”