ਪੈਸੀਫਿਕ ਮਾਸਟਰ ਗੇਮਜ਼ 'ਚ ਹਾਕੀ ਟੀਮ ਨੇ ਗੱਡੇ ਝੰਢੇ
ਏਬੀਪੀ ਸਾਂਝਾ | 16 Sep 2018 07:13 PM (IST)
ਲੁਧਿਆਣਾ: ਮਲੇਸ਼ੀਆ ਦੇ ਪਨਾਗ ਵਿੱਚ ਏਸ਼ੀਆ-ਪੈਸੀਫਿਕ ਮਾਸਟਰ ਗੇਮਜ਼ ਦੇ ਹਾਕੀ ਮੁਕਾਬਲਿਆਂ ’ਚ ਭਾਰਤੀ ਹਾਕੀ ਟੀਮ ਦੇ ਵੈਟਰਨ ਖਿਡਾਰੀਆਂ ਨੇ ਸੋਨ ਤਗਮਾ ਜਿੱਤਿਆ। ਭਾਰਤ ਦੀ ਨੌਜਵਾਨ ਹਾਕੀ ਟੀਮ ਨੂੰ ਜਕਾਰਤਾ ਵਿਖੇ ਏਸ਼ੀਅਨ ਖੇਡਾਂ 2019 ਮਲੇਸ਼ੀਆ ਤੋਂ ਸੈਮੀਫਾਈਨਲ ਵਿੱਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਹੁਣ ਮਾਸਟਰ ਗੇਮਜ਼ ਵਿੱਚ ਟੀਮ ਨੇ ਆਪਣੇ ਪਹਿਲੇ ਲੀਗ ਮੈਚ ਵਿੱਚ ਹੀ ਮਲੇਸ਼ੀਆ ਨੂੰ 4-1 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਇਸਤੋਂ ਬਾਅਦ ਬਾਕੀ ਲੀਗ ਮੈਚਾਂ ਵਿੱਚ ਭਾਰਤ ਨੇ ਸਿੰਗਾਪੁਰ ਨੂੰ 7-3, ਪ੍ਰਿੰਸ ਆਫ ਵੇਲਜ਼ ਨੂੰ 6-1, ਥਾਈਲੈਂਡ ਨੂੰ 5-3, ਤੇ ਆਖਰੀ ਮੈਚ ’ਚ ਮੇਜ਼ਬਾਨ ਮਲੇਸ਼ੀਆ ਨਾਲ 2-2 ਦੀ ਬਰਾਬਰੀ ਤੋਂ ਬਾਅਦ ਕੁੱਲ 13 ਅੰਕ ਹਾਸਲ ਕਰਦਿਆਂ ਖਿਤਾਬੀ ਜਿੱਤ ਹਾਸਲ ਕੀਤੀ। ਮੇਜ਼ਬਾਨ ਮਲੇਸ਼ੀਆ ਮੁਕਾਬਲੇ ਵਿੱਚ ਦੂਜੇ ਸਥਾਨ 'ਤੇ ਰਿਹਾ। ਭਾਰਤ ਦੀ ਪਹਿਲੀ ਵਾਰ ਨੁਮਾਇੰਦਗੀ ਕਰਦਿਆਂ ਜਰਖੜ ਹਾਕੀ ਅਕੈਡਮੀ ਦਾ ਗੁਰਸਤਿੰਦਰ ਸਿੰਘ 9 ਗੋਲ ਕਰ ਕੇ ਟੂਰਨਾਮੈਂਟ ਦਾ ਸਰਵੋਤਮ ਸਕੋਰਰ ਬਣਿਆ। ਹਿਮਾਚਲ ਦੇ ਪਵਨ ਕੁਮਾਰ ਦੀ ਕਪਤਾਨੀ ਹੇਠ ਇਸ ਭਾਰਤੀ ਹਾਕੀ ਟੀਮ ਵਿੱਚ 9 ਖਿਡਾਰੀ ਪੰਜਾਬ ਦੇ ਸਨ। ਗੁਰਸਤਿੰਦਰ ਸਿੰਘ ਨੂੰ ਵਤਨ ਪਰਤਣ 'ਤੇ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।