ਚੰਡੀਗੜ੍ਹ: ਭਾਰਤੀ ਸ਼ਟਲਰ ਸਾਈਨਾ ਨੇਹਵਾਲ ਨੇ ਇੰਡੋਨੇਸ਼ੀਆ ਮਾਸਟਰਸ ਦਾ ਫਾਈਨਲ ਮੁਕਾਬਲਾ ਜਿੱਤ ਲਿਆ ਹੈ। ਇਹ ਉਸ ਦਾ ਇਸ ਸਾਲ ਦਾ ਪਹਿਲਾ ਖਿਤਾਬ ਹੈ। ਫਾਈਨਲ ਵਿੱਚ ਸਪੇਨ ਦੀ ਕੈਰੋਲਿਨਾ ਮਾਰਿਨ ਸੱਟ ਲੱਗਣ ਕਰਕੇ ਪਹਿਲਾਂ ਹੀ ਸੈਟ ਤੋਂ ਬਾਹਰ ਹੋ ਗਈ। ਉਸ ਸਮੇਂ ਉਹ 10-3 ਨਾਲ ਮੁਕਾਬਲੇ ਵਿੱਚ ਅੱਗੇ ਜਾ ਰਹੀ ਸੀ।
ਇਸ ਤੋਂ ਪਹਿਲਾਂ 2012 ਵਿੱਚ ਮਾਰਿਨ ਖ਼ਿਲਾਫ਼ ਸਾਈਨਾ ਨੂੰ ਓਲੰਪਿਕ ਵਿੱਚ ਵੀ ਵਾਕਓਵਰ ਮਿਲਿਆ ਸੀ। ਉਦੋਂ ਵੀ ਮਾਰਿਨ ਸੱਟ ਲੱਗਣ ਕਰਕੇ ਹੀ ਮੁਕਾਬਲੇ ਵਿੱਚੋਂ ਬਾਹਰ ਹੋਈ ਸੀ। ਉਸ ਵੇਲੇ ਸਾਈਨਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਸ ਸਾਲ ਸਾਈਨਾ ਨੂੰ ਮਾਰਿਨ ਨੇ ਮਲੇਸ਼ੀਆ ਓਪਨ ਦੇ ਸੈਮੀਫਾਈਨਲ ਵਿੱਚ ਹਰਾਇਆ ਸੀ।
ਮੈਚ ਬਾਅਦ ਸਾਈਨਾ ਨੇ ਕਿਹਾ ਕਿ ਉਸ ਨੇ 8 ਫਾਈਨਲ ਖੇਡੇ ਹਨ। ਉਸ ਨੇ ਆਪਣਾ ਸਮਰਥਨ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਉਹ ਪੈਰ ਦੀ ਸੱਟ ਲੱਗਣ ਬਾਅਦ ਫਿਰ ਵਾਪਸ ਆਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਉਸ ਦੀ ਖੇਡ ਵਿੱਚ ਸੁਧਾਰ ਆਏਗਾ। ਵਰਲਡ ਨੰਬਰ 9 ਸਾਈਨਾ ਤੇ ਵਰਲਡ ਨੰਬਰ 4 ਮਾਰਿਨ ਵਿਚਾਲੇ ਹੁਣ ਤਕ 12 ਮੁਕਾਬਲੇ ਹੋਏ ਹਨ। ਇਨ੍ਹਾਂ ਵਿੱਚੋਂ ਦੋਵਾਂ ਖਿਡਾਰਨਾਂ ਨੇ 6-6 ਮੁਕਾਬਲੇ ਆਪਣੇ ਨਾਂ ਕੀਤੇ ਹਨ।