ਚੰਡੀਗੜ੍ਹ: ਤਿੰਨ ਇੱਕ ਦਿਨਾ ਮੈਚਾਂ ਦੀ ਲੜੀ ਦੇ ਸਿਡਨੀ ਵਿੱਚ ਖੇਡੇ ਜਾ ਰਹੇ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 34 ਦੌੜਾਂ ਨਾਲ ਹਰਾ ਦਿੱਤਾ ਹੈ। ਆਸਟ੍ਰੇਲੀਆ ਦੀ ਟੀਮ ਨੇ ਭਾਰਤ ਨੂੰ 289 ਦੌੜਾਂ ਦਾ ਟੀਚਾ ਦਿੱਤਾ ਸੀ ਤੇ ਮੈਚ ਜਿੱਤ ਕੇ 1-0 ਦੀ ਲੀਡ ਹਾਸਲ ਕਰ ਲਈ ਹੈ। ਭਾਰਤ ਵੱਲੋਂ ਰੋਹਿਤ ਸ਼ਰਮਾ ਨੇ ਸ਼ਾਨਦਾਰ ਸੈਂਕੜਾ ਜੜਿਆ ਪਰ ਉਸ ਦਾ ਸੈਂਕੜਾ ਟੀਮ ਨੂੰ ਜਿਤਾ ਨਾ ਸਕਿਆ। ਭਾਰਤੀ ਟੀਮ 255 ਦੌੜਾਂ ’ਤੇ ਹੀ ਸਿਮਟ ਗਈ।

ਭਾਰਤ ਦੀ ਸ਼ੁਰੂਆਤ ਹੀ ਕੁਝ ਚੰਗੀ ਨਹੀਂ ਸੀ। ਪਹਿਲੇ ਚਾਰ ਓਵਰਾਂ ਵਿੱਚ ਹੀ ਭਾਰਤ ਨੇ ਤਿੰਨ ਵਿਕਟਾਂ ਗਵਾ ਦਿੱਤੀਆਂ ਸੀ। ਸ਼ਿਖਰ ਧਵਨ ਪਹਿਲੇ ਤੇ ਕਪਤਾਨ ਵਿਰਾਟ ਕੋਹਲੀ ਚੌਥੇ ਓਵਰ ਵਿੱਚ ਪੈਵੇਲੀਅਨ ਪਰਤ ਆਏ। ਕੋਹਲੀ ਮਗਰੋਂ ਉਸੇ ਓਵਰ ਵਿੱਚ ਅੰਬਾਤੀ ਰਾਇਡੂ ਵੀ ਆਊਟ ਹੋ ਗਿਆ।

ਇਸ ਪਿੱਛੋਂ ਰੋਹਿਤ ਸ਼ਰਮਾ ਤੇ ਮਹਿੰਦਰ ਧੋਨੀ ਦੀ ਜੋੜੀ ਨੇ ਟੀਮ ਲਈ ਚੰਗਾ ਸਕੋਰ ਜੋੜਿਆ। ਰੋਹਿਤ ਸ਼ਰਮਾ ਨੇ ਭਾਰਤ ਲਈ ਸੈਂਕੜਾ ਬਣਾਇਆ। ਉਸ ਦੇ ਨਾਲ ਧੋਨੀ ਨੇ ਵੀ ਅੱਧ ਸੈਂਕੜਾ ਜੜਿਆ। ਪਰ ਦੋਵਾਂ ਦੀ ਮਿਹਨਤ ਟੀਮ ਦੇ ਕੰਮ ਨਹੀਂ ਆ ਸਕੀ।

ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉੱਤਰੀ ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤ ਵੀ ਕੁਝ ਚੰਗੀ ਨਹੀਂ ਰਹੀ। ਤੀਜੇ ਓਵਰ ਵਿੱਚ ਉਸ ਦੀ ਪਹਿਲੀ ਵਿਕਟ (ਐਰਾਨ ਫਿੰਚ) ਡਿੱਗ ਗਈ ਸੀ। ਇਸ ਪਿੱਛੋਂ ਹੈਂਡਸਕਾਂਬ (73), ਉਸਮਾਨ ਖ਼ਵਾਜਾ (59) ਤੇ ਸ਼ਾਨ ਮਾਰਸ਼ (54) ਨੇ ਅੱਧ ਸੈਂਕੜੇ ਦੀ ਪਾਰੀ ਖੇਡਦਿਆਂ ਟੀਮ ਨੂੰ 50ਵੇਂ ਓਵਰ ਵਿੱਚ 288 ਦੌੜਾਂ ’ਤੇ ਪਹੁੰਚਾਇਆ।