ਅਹਿਮਦਾਬਾਦ: ਕੋਲਕਾਤਾ ਨਾਈਟ ਰਾਈਡਰਜ਼ ਨੇ ਸੋਮਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਆਈਪੀਐਲ ਮੈਚ 'ਚ ਪੰਜਾਬ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਕਪਤਾਨ ਈਯੋਨ ਮੋਰਗਨ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਇਸ ਜਿੱਤ ਦੇ ਨਾਲ ਕੋਲਕਾਤਾ ਨੇ ਸੀਰੀਜ਼ ਦੀ ਦੂਜੀ ਜਿੱਤ ਦਰਜ ਕੀਤੀ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਨੂੰ 9 ਵਿਕਟਾਂ 'ਤੇ 123 ਦੌੜਾਂ 'ਤੇ ਰੋਕ ਦਿੱਤਾ ਤੇ ਫਿਰ 16.4 ਓਵਰਾਂ 'ਚ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

 

ਪੰਜਾਬ ਵੱਲੋਂ ਮਿਲੇ 124 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਕੋਲਕਾਤਾ ਨੇ ਖਰਾਬ ਸ਼ੁਰੂਆਤ ਕੀਤੀ ਤੇ ਟੀਮ ਨੇ ਆਪਣੀਆਂ ਤਿੰਨ ਵਿਕਟਾਂ 17 ਦੌੜਾਂ 'ਤੇ ਗੁਆ ਦਿੱਤੀਆਂ, ਜਿਸ 'ਚ ਸ਼ੁਭਮਨ ਗਿੱਲ (9), ਨਿਤੀਸ਼ ਰਾਣਾ (0) ਤੇ ਸੁਨੀਲ ਨਰਾਇਣ (0) ਦੀਆਂ ਵਿਕਟਾਂ ਸ਼ਾਮਲ ਹਨ। ਹਾਲਾਂਕਿ ਇਸ ਤੋਂ ਬਾਅਦ ਰਾਹੁਲ ਤ੍ਰਿਪਾਠੀ (41) ਤੇ ਕਪਤਾਨ ਈਯੋਨ ਮੋਰਗਨ (ਅਜੇਤੂ 47) ਨੇ ਚੌਥੇ ਵਿਕਟ ਲਈ 48 ਗੇਂਦਾਂ 'ਤੇ 66 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਨੂੰ ਸੰਭਾਲਿਆ। ਇਸ ਤੋਂ ਬਾਅਦ ਤ੍ਰਿਪਾਠੀ ਆਊਟ ਹੋ ਗਏ। ਉਸ ਨੇ 32 ਗੇਂਦਾਂ 'ਚ 7 ਚੌਕੇ ਲਾਏ।

 

ਈਯੋਨ ਮੋਰਗਨ ਨੇ ਕੋਲਕਾਤਾ ਨੂੰ ਜਿੱਤ ਦਿਵਾਈ

ਤ੍ਰਿਪਾਠੀ ਦੇ ਆਊਟ ਹੋਣ ਤੋਂ ਬਾਅਦ ਆਂਦਰੇ ਰਸੇਲ (10) ਵੀ 98 ਦੇ ਸਕੋਰ 'ਤੇ 5ਵੇਂ ਬੱਲੇਬਾਜ਼ ਵਜੋਂ ਰਨ ਆਊਟ ਹੋਏ। ਹਾਲਾਂਕਿ ਮੋਰਗਨ ਇਕ ਸਿਰੇ 'ਤੇ ਬਣੇ ਰਹੇ ਤੇ 47 ਦੌੜਾਂ ਦੀ ਅਜੇਤੂ ਪਾਰੀ ਖੇਡਣ ਤੋਂ ਬਾਅਦ ਟੀਮ ਨੂੰ 5 ਵਿਕਟਾਂ ਨਾਲ ਜਿੱਤ ਦਿਵਾਈ। ਮੋਰਗਨ ਨੇ 40 ਗੇਂਦਾਂ 'ਚ 4 ਚੌਕੇ ਤੇ 2 ਛੱਕੇ ਲਾਏ। ਦਿਨੇਸ਼ ਕਾਰਤਿਕ ਨੇ 6 ਗੇਂਦਾਂ 'ਚ 12 ਦੌੜਾਂ ਬਣਾਈਆਂ।

 

ਪੰਜਾਬ ਦੀ ਟੀਮ ਵੱਡਾ ਟੀਚਾ ਖੜ੍ਹਾ ਕਰਨ 'ਚ ਅਸਫਲ ਰਹੀ

ਪੰਜਾਬ ਕਿੰਗਜ਼ ਲਈ ਮੁਹੰਮਦ ਸ਼ਮੀ, ਮੋਜੇਸ ਹੈਨਰੀਕੇਜ਼, ਅਰਸ਼ਦੀਪ ਸਿੰਘ ਤੇ ਦੀਪਕ ਹੁੱਡਾ ਨੇ 1-1 ਵਿਕਟ ਲਈ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜਾਬ ਕਿੰਗਜ਼ ਨੂੰ ਤੈਅ 20 ਓਵਰਾਂ 'ਚ 9 ਵਿਕਟਾਂ 'ਤੇ 123 ਦੌੜਾਂ 'ਤੇ ਰੋਕ ਦਿੱਤਾ। ਪੰਜਾਬ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕੀਤੀ।

 

ਮਯੰਕ ਅਗਰਵਾਲ ਨੇ 34 ਗੇਂਦਾਂ 'ਚ 1 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 34 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੇ ਇਲਾਵਾ ਨਿਕੋਲਸ ਪੂਰਨ ਨੇ 19 ਗੇਂਦਾਂ 'ਚ 1 ਚੌਕੇ ਤੇ 1 ਛੱਕੇ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਕਪਤਾਨ ਲੋਕੇਸ਼ ਰਾਹੁਲ ਨੇ ਵੀ 19, ਜਦਕਿ ਸ਼ਾਹਰੁਖ ਖਾਨ ਨੇ 13 ਦੌੜਾਂ ਦਾ ਯੋਗਦਾਨ ਦਿੱਤਾ। ਅੰਤ 'ਚ ਕ੍ਰਿਸ ਜੌਰਡਨ ਨੇ 18 ਗੇਂਦਾਂ 'ਚ 1 ਚੌਕੇ ਤੇ 3 ਛੱਕੇ ਦੀ ਮਦਦ ਨਾਲ 30 ਦੌੜਾਂ ਦੀ ਪਾਰੀ ਖੇਡਦਿਆਂ ਪੰਜਾਬ ਨੂੰ 123 ਦੌੜਾਂ 'ਤੇ ਪਹੁੰਚਾ ਦਿੱਤਾ। ਕੋਲਕਾਤਾ ਦੇ ਪ੍ਰਸਿੱਧ ਕ੍ਰਿਸ਼ਨਾ ਨੇ 3 ਤੇ ਪੈਟ ਕਮਿੰਸ ਤੇ ਸੁਨੀਲ ਨਰਾਇਣ ਨੇ 2-2, ਜਦਕਿ ਸ਼ਿਵਮ ਮਾਵੀ ਤੇ ਵਰੁਣ ਚੱਕਰਵਰਤੀ ਨੇ 1-1 ਵਿਕਟ ਲਈ।