ਚੰਡੀਗੜ੍ਹ: ਪੰਜਾਬ ਵਿੱਚ ਲੌਕਡਾਊਨ ਨਹੀਂ ਲੱਗੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੌਕਡਾਊਨ ਬਾਰੇ ਚਰਚਾ ਨੂੰ ਰੱਦ ਕਰਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਲੌਕਡਾਊਨ ਲਾਉਣ ਬਾਰੇ ਹਾਲੇ ਕੋਈ ਵਿਚਾਰ ਨਹੀਂ। ਉਨ੍ਹਾਂ ਨੇ ਸੋਮਵਾਰ ਨੂੰ ਸੂਬੇ ਵਿੱਚ ਕੋਰੋਨਾ ਦੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਲੌਕਡਾਊਨ ਲਾਏ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਿਜਰਤ ਤੇ ਆਰਥਿਕ ਪ੍ਰੇਸ਼ਾਨੀ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦਰਅਸਲ ਪੰਜਾਬ ਵਿੱਚ ਲਗਾਤਾਰ ਵਧਦੇ ਕੇਸਾਂ ਨੂੰ ਵੇਖਦਿਆਂ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਕਿ ਸੂਬੇ ਵਿੱਚ ਲੌਕਡਾਊਨ ਲਾਇਆ ਜਾ ਸਕਦਾ ਹੈ। ਅਜਿਹੀਆਂ ਖਬਰਾਂ ਸੁਣ ਕੇ ਲੋਕਾਂ ਖਾਸਕਰ ਕਾਰੋਬਾਰੀਆਂ ਵਿੱਚ ਸਹਿਮ ਸੀ। ਇਸ ਬਾਰੇ ਮੁੱਖ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਲੌਕਡਾਊਨ ਲਾਉਣ ਬਾਰੇ ਕੋਈ ਵਿਚਾਰ ਨਹੀਂ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੂਬਾ ਸਰਕਾਰਾਂ ਨੂੰ ਕਿਹਾ ਸੀ ਕਿ ਲੌਕਡਾਊਨ ਨੂੰ ਆਖਰੀ ਵਿਕਲਪ ਵਜੋਂ ਹੀ ਵਰਤਿਆ ਜਾਵੇ।
ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੋਰੋਨਾ ਦੇ ਟਾਕਰੇ ਲਈ ਪੜਾਅਵਾਰ ਕਦਮ ਹੀ ਉਠਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ। ਇਸ ਤਹਿਤ ਸੋਮਵਾਰ ਨੂੰ ਪੰਜਾਬ ਸਰਕਾਰ ਨੇ ਪੰਜਾਬ ’ਚ ਰੋਜ਼ਾਨਾ ਰਾਤ ਦਾ ਲੌਕਡਾਊਨ ਸ਼ਾਮ 6 ਤੋਂ ਸਵੇਰ 5 ਵਜੇ ਤੱਕ ਕਰਨ ਦਾ ਫ਼ੈਸਲਾ ਕੀਤਾ ਹੈ। ਸ਼ਹਿਰਾਂ ਵਿੱਚ ਦੁਕਾਨਾਂ ਹੁਣ ਸ਼ਾਮ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਪਹਿਲਾਂ ਪੰਜਾਬ ਵਿੱਚ ਲੌਕਡਾਊਨ ਰਾਤ ਦੇ 9 ਤੋਂ ਸਵੇਰੇ 5 ਵਜੇ ਤੱਕ ਸੀ ਜੋ ਹੁਣ ਸ਼ਾਮ ਨੂੰ ਛੇ ਵਜੇ ਸ਼ੁਰੂ ਹੋਵੇਗਾ।
ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਤੇ ਡਾਕਟਰੀ ਮਾਹਿਰਾਂ ਨਾਲ ਸਮੀਖਿਆ ਮੀਟਿੰਗ ਵਿੱਚ ਦੱਸਿਆ ਕਿ ਸਥਿਤੀ ਬਹੁਤ ਗੰਭੀਰ ਹੈ ਤੇ ਇਕੱਲੇ ਲੁਧਿਆਣਾ ਵਿੱਚ ਸੋਮਵਾਰ ਨੂੰ 1300 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਤੇ ਰੋਜ਼ਾਨਾ 300 ਮੀਟ੍ਰਿਕ ਟਨ ਆਕਸੀਜਨ ਦੀ ਮੰਗ ਦੇ ਮੁਕਾਬਲੇ ਕੇਂਦਰ ਤੋਂ ਆਕਸੀਜਨ ਦੀ ਵੰਡ ਇਸ ਸਮੇਂ ਸਿਰਫ 105 ਮੀਟ੍ਰਿਕ ਟਨ ਹੈ। 105 ਮੀਟ੍ਰਿਕ ਟਨ ਵਿੱਚੋਂ ਸੂਬੇ ਨੂੰ ਸਿਰਫ 85 ਮੀਟ੍ਰਿਕ ਟਨ ਆਕਸੀਜਨ ਹੀ ਪ੍ਰਾਪਤ ਹੋ ਰਹੀ ਹੈ ਕਿਉਂਕਿ ਬਾਕੀ ਪੀਜੀਆਈ ਚੰਡੀਗੜ੍ਹ ਨੂੰ ਭੇਜੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਕੋਲ ਇਸ ਸਮੇਂ ਸਿਰਫ਼ 1.76 ਲੱਖ ਕੋਵੀਸ਼ੀਲਡ ਤੇ 22000 ਕੋਵੈਕਸੀਨ ਦੀਆਂ ਖੁਰਾਕਾਂ ਹਨ। ਸਿਹਤ ਸਕੱਤਰ ਹੁਸਨ ਲਾਲ ਨੇ ਖੁਲਾਸਾ ਕੀਤਾ ਕਿ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੈਵਲ-2 ਤੇ ਲੈਵਲ-3 ਨੂੰ ਮਜ਼ਬੂਤ ਕਰਨ ਲਈ 2000 ਬੈੱਡ ਹੋਰ ਸ਼ਾਮਲ ਕੀਤੇ ਜਾਣਗੇ।