ਨਵੀਂ ਦਿੱਲੀ: ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ ਸ਼ੁਭਮਨ ਗਿੱਲ ਨੇ ਸੋਸ਼ਲ ਮੀਡੀਆ 'ਤੇ ਟ੍ਰੋਲਰ ਨੂੰ ਕਰਾਰਾ ਜਵਾਬ ਦੇ ਕੇ ਚੁੱਕ ਕਰਵਾ ਦਿੱਤਾ ਹੈ। ਦਰਅਸਲ, ਇੱਕ ਟ੍ਰੋਲਰ ਨੇ ਪਿਛਲੇ ਸਾਲ ਯੂਏਈ 'ਚ ਖੇਡੇ ਗਏ ਆਈਪੀਐਲ ਦੌਰਾਨ ਸ਼ੁਭਮਨ ਦੀ ਸਲੋਅ ਬੱਲੇਬਾਜ਼ੀ 'ਤੇ ਸਵਾਲ ਚੁੱਕੇ ਸਨ। ਟ੍ਰੋਲਰ ਨੇ ਕਿਹਾ ਸੀ ਕਿ ਸ਼ੁਭਮਨ ਜਾਣਬੁੱਝ ਕੇ ਆਈਪੀਐਲ 'ਚ ਹੌਲੀ ਖੇਡਦਾ ਹੈ ਤਾਂ ਕਿ ਉਸ ਨੂੰ ਭਾਰਤੀ ਕ੍ਰਿਕਟ ਟੀਮ 'ਚ ਚੁਣਿਆ ਜਾ ਸਕੇ।

ਸ਼ੁਭਮਨ ਨੇ ਸਾਲ 2020 ਦੇ ਆਈਪੀਐਲ 'ਚ 33.53 ਦੀ ਔਸਤ ਨਾਲ ਦੌੜਾਂ ਬਣਾਈਆਂ ਸਨ। ਟ੍ਰੋਲਰ ਨੇ ਸ਼ੁਭਮਨ ਦੀ ਉਸ ਤਸਵੀਰ 'ਤੇ ਟਿੱਪਣੀ ਕੀਤੀ ਸੀ, ਜਿਸ ਨੂੰ ਇੰਸਟਾਗ੍ਰਾਮ 'ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ੇਅਰ ਕੀਤਾ ਸੀ। ਸ਼ੁਭਮਨ ਨੇ ਕਿਹਾ, "ਮੈਂ ਜਿੱਥੇ ਚਾਹੁੰਦਾ ਹਾਂ, ਉੱਥੇ ਠੀਕ ਹਾਂ 'ਮਿਸਟਰ ਨੋਬਡੀ'।" ਸ਼ੁਭਮਨ ਦੇ ਇਸ ਕੁਮੈਂਟ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।

ਹਾਲੇ ਤਕ ਟੀ20 ਮੈਚ 'ਚ ਮੌਕਾ ਨਹੀਂ ਮਿਲਿਆ
ਦੱਸ ਦੇਈਏ ਕਿ ਆਸਟ੍ਰੇਲੀਆ ਦੌਰੇ 'ਤੇ ਟੈਸਟ ਲੜੀ ਵਿੱਚ ਭਾਰਤੀ ਟੀਮ ਦੀ ਇਤਿਹਾਸਕ ਜਿੱਤ 'ਚ ਸ਼ੁਭਮਨ ਗਿੱਲ ਦੀ ਅਹਿਮ ਭੂਮਿਕਾ ਸੀ। ਸ਼ੁਭਮਨ ਨੇ ਹੁਣ ਤਕ ਸਿਰਫ਼ 3 ਵਨਡੇ ਮੈਚ ਖੇਡੇ ਹਨ। ਹਾਲਾਂਕਿ ਅਜੇ ਤਕ ਉਨ੍ਹਾਂ ਨੂੰ ਟੀ-20 ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ ਹੈ।

ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ 'ਚ ਆਸਟ੍ਰੇਲੀਆ ਵਿਰੁੱਧ ਆਖਰੀ ਵਨਡੇ ਮੈਚ ਖੇਡਣ ਤੋਂ ਬਾਅਦ ਸ਼ੁਭਮਨ ਗਿੱਲ ਨੇ ਸਫ਼ੈਦ ਗੇਂਦ ਨਾਲ ਕੋਈ ਵੀ ਮੈਚ ਨਹੀਂ ਖੇਡਿਆ ਹੈ। ਸ਼ੁਭਮਨ ਨੇ ਕਿਹਾ ਕਿ ਉਹ 'ਗੇਮ ਟਾਈਮ' ਬਾਰੇ ਜ਼ਿਆਦਾ ਚਿੰਤਤ ਨਹੀਂ ਹਨ।

ਸਟ੍ਰਾਈਕ ਰੇਟ ਬਾਰੇ ਕੀ ਕਿਹਾ
ਸਟ੍ਰਾਈਕ ਰੇਟ ਬਾਰੇ ਸ਼ੁਭਮਨ ਗਿੱਲ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਟ੍ਰਾਈਕ ਰੇਟ ਇੱਕ ਤਰ੍ਹਾਂ ਨਾਲ ਓਵਰਰੇਟਿਡ ਚੀਜ਼ ਹੈ। ਸ਼ੁਭਮਨ ਨੇ ਕਿਹਾ ਕਿ ਇਕ ਬੱਲੇਬਾਜ਼ ਦੀ ਸਭ ਤੋਂ ਮਜ਼ਬੂਤ ਚੀਜ਼ ਇਹ ਹੈ ਕਿ ਇਕ ਨਿਸ਼ਚਿਤ ਬੈਟਿੰਗ ਸਟਾਈਲ ਤੋਂ ਬਗੈਰ ਵੱਖ-ਵੱਖ ਹਾਲਾਤਾਂ 'ਚ ਖੁਦ ਨੂੰ ਢਾਲਣਾ ਹੁੰਦਾ ਹੈ।