IPL 2022 Champion : ਗੁਜਰਾਤ ਟਾਈਟਨਸ ਨੇ IPL ਦੇ ਡੈਬਿਊ ਸੀਜ਼ਨ 'ਚ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਰਾਜਸਥਾਨ ਰਾਇਲਜ਼ ਨੂੰ ਹਰਾਇਆ। ਇਸ ਜਿੱਤ ਤੋਂ ਬਾਅਦ ਟੀਮ ਅਹਿਮਦਾਬਾਦ 'ਚ IPL 2022 ਦੀ ਟਰਾਫੀ ਨਾਲ ਰੋਡ ਸ਼ੋਅ ਕਰੇਗੀ। ਇਸ ਦੌਰਾਨ ਟੀਮ ਦੇ ਸਾਰੇ ਖਿਡਾਰੀ ਮੌਜੂਦ ਰਹਿਣਗੇ। ਰੋਡ ਸ਼ੋਅ ਦੌਰਾਨ ਫੈਨਜ਼ ਲਈ ਆਈਪੀਐਲ ਟਰਾਫੀ ਨੂੰ ਸਭ ਤੋਂ ਅੱਗੇ ਰੱਖਿਆ ਜਾਵੇਗਾ।


ਗੁਜਰਾਤ ਟਾਈਟਨਸ ਨੇ ਰੋਡ ਸ਼ੋਅ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਇਸ ਟਵੀਟ ਵਿੱਚ ਇੱਕ ਬੱਸ ਦੀ ਤਸਵੀਰ ਹੈ। ਇਸ ਬੱਸ ਰਾਹੀਂ ਟੀਮ ਅਤੇ ਖਿਡਾਰੀ ਰੋਡ ਸ਼ੋਅ ਕਰਨਗੇ। ਇਹ ਅਹਿਮਦਾਬਾਦ ਵਿੱਚ ਸ਼ਾਮ 5 ਵਜੇ ਤੋਂ ਸ਼ੁਰੂ ਹੋਵੇਗਾ। ਇਹ ਰੋਡ ਸ਼ੋਅ ਕਰੀਬ ਇੱਕ ਘੰਟੇ ਦਾ ਹੋਵੇਗਾ। ਇਹ ਉਸਮਾਨਪੁਰ ਰਿਵਰਫਰੰਟ ਤੋਂ ਸ਼ੁਰੂ ਹੋਵੇਗਾ। ਇਸ ਵਿੱਚ ਕੈਪਟਨ ਹਾਰਦਿਕ ਪੰਡਯਾ, ਸ਼ੁਭਮਨ ਗਿੱਲ, ਮੁਹੰਮਦ ਸ਼ਮੀ ਅਤੇ ਸਹਿਯੋਗੀ ਸਟਾਫ ਸਮੇਤ ਹਰ ਕੋਈ ਸ਼ਾਮਲ ਹੋਣਗੇ।


ਜ਼ਿਕਰਯੋਗ ਹੈ ਕਿ ਇਸ ਮੈਚ ਲਈ ਹਾਰਦਿਕ ਨੂੰ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ ਸੀ। ਉਹਨਾਂ ਨੇ ਇਸ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੰਡਯਾ ਨੇ ਇਸ ਮੈਚ 'ਚ 34 ਦੌੜਾਂ ਬਣਾ ਕੇ 3 ਵਿਕਟਾਂ ਲਈਆਂ। ਪੰਡਯਾ ਨੇ ਇਸ ਪੂਰੇ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕੀਤਾ।