ਕਾਨਪੁਰ - ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ 'ਚ ਕੁਝ ਅਜਿਹਾ ਹੋਇਆ ਜੋ ਇਤਿਹਾਸ ਬਣ ਗਿਆ। ਇਤਿਹਾਸ ਵੀ ਅਜਿਹਾ ਜੋ 44 ਸਾਲ ਬਾਅਦ ਦੋਹਰਾਇਆ ਗਿਆ ਹੈ। ਭਾਰਤ ਨਿਊਜ਼ੀਲੈਂਡ ਟੈਸਟ ਮੈਚ 'ਚ ਦੂਜੇ ਵਿਕਟ ਲਈ ਲਗਾਤਾਰ 3 ਮੌਕਿਆਂ 'ਤੇ 100 ਰਨ ਤੋਂ ਵਧ ਦੀ ਪਾਰਟਨਰਸ਼ਿਪ ਹੋਈ ਹੈ। ਇਹ ਕਮਾਲ ਟੈਸਟ ਇਤਿਹਾਸ 'ਚ ਸਿਰਫ ਤੀਜੀ ਵਾਰ ਹੋਇਆ ਹੈ ਅਤੇ 44 ਸਾਲ ਬਾਅਦ ਅਜਿਹਾ ਵੇਖਣ ਨੂੰ ਮਿਲਿਆ ਹੈ। 

  

 

ਕਾਨਪੁਰ ਟੈਸਟ ਮੈਚ 'ਚ ਭਾਰਤ ਦੀ ਪਹਿਲੀ ਪਾਰੀ ਦੌਰਾਨ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਦੂਜੇ ਵਿਕਟ ਲਈ 112 ਰਨ ਜੋੜੇ। ਮੁਰਲੀ ਵਿਜੈ ਅਤੇ ਪੁਜਾਰਾ ਨੇ ਅਰਧ-ਸੈਂਕੜੇ ਜੜੇ। ਫਿਰ ਨਿਊਜ਼ੀਲੈਂਡ ਦੀ ਟੀਮ ਲਈ ਪਹਿਲੀ ਪਾਰੀ ਦੌਰਾਨ ਟੌਮ ਲੈਥਮ ਅਤੇ ਕੇਨ ਵਿਲੀਅਮਸਨ ਨੇ ਅਰਧ-ਸੈਂਕੜੇ ਜੜੇ ਅਤੇ ਦੂਜੇ ਵਿਕਟ ਲਈ 124 ਰਨ ਦੀ ਪਾਰਟਨਰਸ਼ਿਪ ਕੀਤੀ। ਫਿਰ ਟੀਮ ਇੰਡੀਆ ਦੀ ਦੂਜੀ ਪਾਰੀ ਦੌਰਾਨ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਦਮਦਾਰ ਬੱਲੇਬਾਜ਼ੀ ਕਰਦਿਆਂ ਦੂਜੇ ਵਿਕਟ ਲਈ 133 ਰਨ ਦੀ ਪਾਰਟਨਰਸ਼ਿਪ ਕੀਤੀ। 

  

 

ਇਸਤੋਂ ਪਹਿਲਾਂ ਇਹ ਕਮਾਲ ਆਖਰੀ ਵਾਰ 1973 'ਚ ਹੋਇਆ ਸੀ। ਸਾਲ 1973 'ਚ MCG ਦੇ ਮੈਦਾਨ 'ਤੇ ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਟੈਸਟ ਮੈਚ 'ਚ ਅਜਿਹਾ ਹੋਇਆ ਸੀ। ਇਸਤੋਂ ਪਹਿਲਾਂ ਇਹ ਕਮਾਲ 1953 'ਚ ਵੇਖਣ ਨੂੰ ਮਿਲਿਆ ਸੀ। ਉਸ ਵੇਲੇ ਲਾਰਡਸ ਦੇ ਮੈਦਾਨ 'ਤੇ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ 'ਚ ਇਹ ਰਿਕਾਰਡ ਪਹਿਲੀ ਵਾਰ ਬਣਿਆ ਸੀ।