ਟੋਕੀਓ - ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਚੈਕ ਰਿਪਬਲਿਕ ਦੀ ਆਪਣੀ ਜੋੜੀਦਾਰ ਬਾਰਬੋਰਾ ਸਟ੍ਰਾਈਕੋਵਾ ਨਾਲ ਮਿਲਕੇ ਪੈਨ ਪੈਸਿਫਿਕ ਓਪਨ ਟੂਰਨਾਮੈਂਟ ਜਿੱਤ ਲਿਆ। ਖਿਤਾਬੀ ਮੁਕਾਬਲੇ 'ਚ ਸਾਨੀਆ-ਬਾਰਬੋਰਾ ਦੀ ਜੋੜੀ ਨੇ ਚੀਨ ਦੀ ਚੇਨ ਲਿਆਂਗ ਅਤੇ ਝਾ ਓਸ਼ੁਆਨ ਦੀ ਜੋੜੀ ਨੂੰ ਮਾਤ ਦਿੱਤੀ। ਸਾਨੀਆ ਨੇ ਆਪਣੀ ਜੋੜੀਦਾਰ ਨਾਲ ਮਿਲਕੇ ਇਹ ਮੈਚ 6-1, 6-1 ਦੇ ਫਰਕ ਨਾਲ ਜਿੱਤਿਆ। 






  






 

29 ਸਾਲ ਦੀ ਸਾਨੀਆ ਮਿਰਜ਼ਾ ਦਾ ਇਹ ਪਿਛਲੇ 4 ਸਾਲਾਂ 'ਚ ਤੀਜਾ ਪੈਨ ਪੈਸਿਫਿਕ ਖਿਤਾਬ ਹੈ। ਇਸਤੋਂ ਪਹਿਲਾਂ ਸਾਨੀਆ ਨੇ ਕਾਰਾ ਬਲੈਕ ਨਾਲ ਜੋੜੀ ਬਣਾ ਕੇ ਖੇਡਦੇ ਹੋਏ ਸਾਲ 2013 ਅਤੇ 2014 'ਚ ਇਹ ਖਿਤਾਬ ਜਿੱਤਿਆ ਸੀ। ਪਿਛਲੇ ਸਾਲ ਸਾਨੀਆ ਨੇ ਟੋਕੀਓ 'ਚ ਖੇਡੇ ਗਏ ਇਸ ਟੂਰਨਾਮੈਂਟ 'ਚ ਹਿੱਸਾ ਨਹੀਂ ਲਿਆ ਸੀ। ਟੂਰਨਾਮੈਂਟ ਦਾ ਖਿਤਾਬੀ ਮੁਕਾਬਲਾ ਇੱਕ ਤਰਫਾ ਰਿਹਾ ਅਤੇ ਸਾਨੀਆ ਬਾਰਬੋਰਾ ਦੀ ਜੋੜੀ ਨੂੰ ਇਹ ਮੈਚ ਜਿੱਤਣ 'ਚ ਕੋਈ ਪਰੇਸ਼ਾਨੀ ਨਹੀਂ ਹੋਈ। 






  






 

ਸਾਨੀਆ-ਬਾਰਬੋਰਾ ਬਤੌਰ ਜੋੜੀ ਤੀਜਾ ਟੂਰਨਾਮੈਂਟ ਖੇਡ ਰਹੀਆਂ ਸਨ। ਪਿਛਲੇ ਮਹੀਨੇ ਇਸੇ ਜੋੜੀ ਨੇ ਸਾਨੀਆ ਦੀ ਸਾਬਕਾ ਜੋੜੀਦਾਰ ਮਾਰਟੀਨਾ ਹਿੰਗਿਸ ਅਤੇ ਕੋਕੋ ਵਾਂਦੇਵੇਘੇ ਨੂੰ ਹਰਾਕੇ ਸਿਨਸਿਨਾਤੀ ਓਪਨ ਦਾ ਖਿਤਾਬ ਆਪਣੇ ਨਾਮ ਕੀਤਾ ਸੀ।