ਇੰਦੌਰ - ਟੀਮ ਇੰਡੀਆ ਦੇ ਦਿੱਗਜ ਆਲ ਰਾਉਂਡਰ ਅਤੇ ਨਿਊਜ਼ੀਲੈਂਡ ਖਿਲਾਫ ਸੀਰੀਜ਼ 'ਚ ਦਮਦਾਰ ਖੇਡ ਵਿਖਾ ਰਹੇ ਰਵਿੰਦਰ ਜਡੇਜਾ ਨੂੰ ਮੈਚ ਫੀਸ 'ਤੇ ਜੁਰਮਾਨਾ ਲਗਾਇਆ ਗਿਆ ਹੈ। ਜੁਰਮਾਨਾ ਵੀ ਛੋਟਾ ਮੋਟਾ ਨਹੀਂ, ਬਲਕਿ ਮੈਚ ਫੀਸ 'ਚ 50% ਜੁਰਮਾਨਾ ਕੀਤਾ ਗਿਆ ਹੈ। ਅਜਿਹਾ ਜਡੇਜਾ ਦੀ ਇੱਕੋ ਗਲਤੀ ਨੂੰ ਕਈ ਵਾਰ ਦੁਹਰਾਉਣ ਕਾਰਨ ਹੋਇਆ।
ਨਿਊਜ਼ੀਲੈਂਡ ਖਿਲਾਫ ਇੰਦੌਰ 'ਚ ਖੇਡੇ ਜਾ ਰਹੇ ਟੈਸਟ ਸੀਰੀਜ਼ ਦੇ ਆਖਰੀ ਮੈਚ 'ਚ ਜਡੇਜਾ ਨੇ ਪਿਚ ਦੇ ਸੈਂਸੀਟਿਵ ਏਰੀਆ 'ਤੇ ਭੱਜਣ ਦੀ ਗਲਤੀ ਕੀਤੀ। ਖਾਸ ਗੱਲ ਇਹ ਸੀ ਕਿ ਜਡੇਜਾ ਨੇ ਇਹ ਗਲਤੀ ਕਈ ਵਾਰ ਦੋਹਰਾਈ। ਜਡੇਜਾ ਨੇ ਅੰਪਾਇਰ ਨੂੰ ਉਨ੍ਹਾਂ ਨੂੰ ਆਫੀਸ਼ੀਅਲ ਵਾਰਨਿੰਗ ਦੇਣ ਲਈ ਮਜਬੂਰ ਕਰ ਦਿੱਤਾ।
ਜਡੇਜਾ ਨੇ ਕੀਵੀ ਟੀਮ ਖਿਲਾਫ ਦੂਜੇ ਦਿਨ ਦਾ ਖੇਡ ਖਤਮ ਹੋਣ ਤੋਂ ਲਗਭਗ 2 ਘੰਟੇ ਪਹਿਲਾਂ ਬੱਲੇਬਾਜ਼ੀ ਕਰਨਾ ਸ਼ੁਰੂ ਕੀਤਾ। ਜਡੇਜਾ ਨੇ 27 ਗੇਂਦਾਂ 'ਤੇ 17 ਰਨ ਦੀ ਨਾਬਾਦ ਪਾਰੀ ਖੇਡੀ। ਜਡੇਜਾ ਨੂੰ ਅੰਪਾਇਰ ਤੋਂ ਮਿਲੀ ਵਾਰਨਿੰਗ ਤੋਂ ਬਾਅਦ 50% ਮੈਚ ਫੀਸ ਦਾ ਜੁਰਮਾਨਾ ਤਾਂ ਲੱਗਾ ਹੀ ਅਤੇ ਨਾਲ ਹੀ 5 ਰਨ ਦੀ ਪੈਨਲਟੀ ਵੀ ਲੱਗੀ। ਜਡੇਜਾ ਨੂੰ ਆਪਣੀ ਇਸ ਗਲਤੀ ਕਾਰਨ 3 ਡੀਮੈਰਿਟ ਪਾਇੰਟ ਵੀ ਮਿਲੇ ਹਨ। ਜੇਕਰ ਆਉਣ ਵਾਲੇ 2 ਸਾਲ 'ਚ ਜਡੇਜਾ ਨੂੰ ਇੱਕ ਵੀ ਹੋਰ ਡੀਮੈਰਿਟ ਪਾਇੰਟ ਮਿਲਦਾ ਹੈ ਤਾਂ ਜਡੇਜਾ ਨੂੰ 1 ਟੈਸਟ ਮੈਚ, 2 ਵਨਡੇ ਜਾਂ 2 ਟੀ-20 ਮੈਚਾਂ ਲਈ ਬੈਨ ਕਰ ਦਿੱਤਾ ਜਾਵੇਗਾ। ਜਡੇਜਾ ਖਿਲਾਫ ਮੈਦਾਨ 'ਤੇ ਆਫੀਸ਼ੀਅਲ ਵਾਰਨਿੰਗ ਲੈਣ ਵਾਲੇ ਅੰਪਾਇਰ ਬਰੂਸ ਔਕਸਨਫੋਰਡ ਸਨ।