ਰਾਜਕੋਟ - ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ 'ਚ ਪਹਿਲੇ ਸੈਸ਼ਨ 'ਚ ਲੱਗੇ ਝਟਕਿਆਂ ਤੋਂ ਬਾਅਦ ਜੋ ਰੂਟ ਨੇ ਸੈਂਕੜਾ ਜੜ ਇੰਗਲੈਂਡ ਦੀ ਟੀਮ ਨੂੰ ਸੰਭਾਲਿਆ। ਜੋ ਰੂਟ ਨੇ 124 ਰਨ ਦੀ ਪਾਰੀ ਖੇਡ ਇੰਗਲੈਂਡ ਨੂੰ ਮੁਸ਼ਕਿਲ ਸਥਿਤੀ ਚੋਂ ਕੱਡ ਕੇ ਮਜਬੂਤ ਸਥਿਤੀ 'ਚ ਪਹੁੰਚਾ ਦਿੱਤਾ। 

  

 

ਕਪਤਾਨ ਐਲਿਸਟਰ ਕੁੱਕ (21) ਦਾ 47 ਰਨ ਦੇ ਸਕੋਰ 'ਤੇ ਵਿਕਟ ਡਿੱਗਣ 'ਤੇ ਜੋ ਰੂਟ ਮੈਦਾਨ 'ਤੇ ਪਹੁੰਚੇ। ਰੂਟ ਨੇ ਆਪਣੀ ਪਾਰੀ ਦੀ ਸ਼ੁਰੂਆਤ ਚੌਕੇ ਨਾਲ ਕੀਤੀ। ਪਹਿਲਾ ਸੈਸ਼ਨ ਖਤਮ ਹੋਣ ਤਕ ਇੰਗਲੈਂਡ ਦੀ ਟੀਮ 102 ਰਨ ਤਕ 3 ਵਿਕਟ ਗਵਾ ਚੁੱਕੀ ਸੀ। ਪਰ ਉਸ ਵੇਲੇ ਤਕ ਜੋ ਰੂਟ ਮੈਦਾਨ 'ਤੇ ਟਿਕ ਗਏ ਸਨ। ਰੂਟ ਨੇ 6 ਚੌਕਿਆਂ ਦੀ ਮਦਦ ਨਾਲ 72 ਗੇਂਦਾਂ 'ਤੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਰੂਟ ਨੇ ਭਾਰਤੀ ਫਿਰਕੀ ਗੇਂਦਬਾਜ਼ਾਂ ਨੂੰ ਖੁਦ 'ਤੇ ਭਾਰੀ ਨਹੀਂ ਪੈਣ ਦਿੱਤਾ ਅਤੇ 9 ਚੌਕਿਆਂ ਦੀ ਮਦਦ ਨਾਲ 154 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕਰ ਲਿਆ। 

  

 

ਜੋ ਰੂਟ ਨੇ 180 ਗੇਂਦਾਂ 'ਤੇ 11 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 124 ਰਨ ਦੀ ਪਾਰੀ ਖੇਡੀ। ਰੂਟ ਨੇ ਮੋਇਨ ਅਲੀ ਨਾਲ ਮਿਲਕੇ ਚੌਥੇ ਵਿਕਟ ਲਈ 179 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਇੰਗਲੈਂਡ ਨੂੰ ਮਜਬੂਤ ਸਥਿਤੀ 'ਚ ਪਹੁੰਚਾਇਆ। ਰੂਟ ਉਮੇਸ਼ ਯਾਦਵ ਦੀ ਗੇਂਦ 'ਤੇ ਆਊਟ ਹੋਏ। ਜਦ ਰੂਟ ਦਾ ਵਿਕਟ ਡਿੱਗਾ ਤਾਂ ਇੰਗਲੈਂਡ ਦਾ ਸਕੋਰ 281 ਰਨ ਤਕ ਪਹੁੰਚ ਗਿਆ ਸੀ।